ਕਿਹਾ, ਘੱਗਰ 'ਚ ਪਾਣੀ ਵਧਿਆ ਪਰ ਹਾਲਾਤ ਸਾਲ 2023 ਨਾਲੋਂ ਬਿਹਤਰ
<br/>
ਮੂਨਕ/ ਖਨੌਰੀ 2 ਸਤੰਬਰ (ਪ੍ਰਵੀਨ ਮਦਾਨ/ ਵਰਿੰਦਰ ਭਾਰਦਵਾਜ/ ਬਲਵਿੰਦਰ ਸਿੰਘ ਥਿੰਦ)-ਪਹਾੜੀ ਖੇਤਰਾਂ 'ਚ ਭਾਰੀ ਮੀਂਹ ਤੇ ਬੱਦਲ ਫਟਣ ਕਾਰਨ ਘੱਗਰ ਦਰਿਆ ਵਿਚ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਬਰਿੰਦਰ ਕੁਮਾਰ ਗੋਇਲ ਵਲੋਂ ਅੱਜ ਮਕਰੋੜ ਸਾਹਿਬ ਦਾ ਦੌਰਾ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਐਸ.ਡੀ.ਐਮ. ਮੂਣਕ ਸੂਬਾ ਸਿੰਘ ਤੇ ਵੱਡੀ ਗਿਣਤੀ ਵਿਚ ਸਥਾਨਕ ਲੋਕ ਹਾਜ਼ਰ ਸਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰੋੜਾ ਅਤੇ ਗੋਇਲ ਨੇ ਕਿਹਾ ਕਿ ਘੱਗਰ 'ਚ ਇਸ ਵੇਲੇ 12000 ਕਿਊਸਿਕ ਪਾਣੀ ਚੱਲ ਰਿਹਾ ਹੈ, ਜਦਕਿ ਇਸ ਦੀ ਪਾਣੀ ਸੰਭਾਲਣ ਦੀ ਸਮਰੱਥਾ 12200 ਕਿਊਸਿਕ ਹੈ | ਪਾਣੀ ਦਾ ਪੱਧਰ 747.7 ਫੁੱਟ ਹੈ, ਜਦਕਿ ਖ਼ਤਰੇ ਦਾ ਨਿਸ਼ਾਨ 748 ਫੁੱਟ 'ਤੇ ਹੈ | ਉਨ੍ਹਾਂ ਕਿਹਾ ਕਿ ਸਾਲ 2023 ਵਿਚ ਘੱਗਰ ਦਰਿਆ ਵਿਚ 753 ਫੁੱਟ 'ਤੇ ਪਾੜ ਪਏ ਸਨ | ਉਨ੍ਹਾਂ ਕਿਹਾ ਕਿ ਸਾਲ 2023 ਵਿਚ ਜਿਹੜੀਆਂ 15 ਜਗ੍ਹਾ 'ਤੇ ਪਾੜ ਪਏ ਸਨ, ਉਨ੍ਹਾਂ ਸਾਰੇ ਕਿਨਾਰਿਆਂ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰ ਦਿੱਤਾ ਗਿਆ ਹੈ ਪਰ ਇਸ ਸਾਲ ਹਾਲਾਤ 2023 ਨਾਲੋਂ ਬਹੁਤ ਬਿਹਤਰ ਹਨ | ਉਨ੍ਹਾਂ ਕਿਹਾ ਕਿ ਮਕਰੋੜ ਸਾਹਿਬ ਤੱਕ ਘੱਗਰ ਦਰਿਆ ਦੀ ਚੌੜਾਈ 598 ਫੁੱਟ ਹੈ, ਜਦਕਿ ਇਸ ਤੋਂ ਅੱਗੇ ਚੌੜਾਈ ਘੱਟ ਕੇ 198 ਫੁੱਟ ਰਹਿ ਜਾਂਦੀ ਹੈ, ਜਿਸ ਕਾਰਨ ਅੱਗੇ ਪਾਣੀ ਇਕੱਠਾ ਹੋ ਜਾਂਦਾ ਹੈ ਅਤੇ ਪਾੜ ਪੈ ਜਾਂਦਾ ਹੈ | ਹਰਿਆਣਾ ਸਰਕਾਰ ਵਲੋਂ ਸੁਪਰੀਮ ਕੋਰਟ ਰਾਹੀਂ ਲਈ ਸਟੇਅ ਦੇ ਚਲਦਿਆਂ ਪੰਜਾਬ ਸਰਕਾਰ ਇਸ ਨੂੰ ਹੋਰ ਚੌੜਾ ਨਹੀਂ ਕਰ ਸਕਦੀ |
ਅਮਨ ਅਰੋੜਾ ਤੇ ਬਰਿੰਦਰ ਗੋਇਲ ਵਲੋਂ ਘੱਗਰ ਨਾਲ ਲਗਦੇ ਇਲਾਕਿਆਂ ਦਾ ਦੌਰਾ
ਅਜੀਤ ਡੈਸਕ
03-09-2025