ਫ਼ਰੀਦਕੋਟ, 3 ਸਤੰਬਰ (ਜਸਵੰਤ ਸਿੰਘ ਪਰਬਾ)-ਪੰਜਾਬ ਦੇ ਪ੍ਰਸਿੱਧ ਸਰਕਾਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ 'ਚ ਐਮ.ਬੀ.ਬੀ.ਐਸ. ਦੀਆਂ ਸੀਟਾਂ 'ਚ ਸਰਕਾਰ ਨੇ ਵਾਧਾ ਕਰਦਿਆਂ 150 ਤੋਂ 200 ਕਰ ਦਿੱਤੀਆਂ ਹਨ | ਇਸੇ ਸਾਲ ਤੋਂ ਹੀ ਵਧਾਈਆਂ ਗਈਆਂ ਸੀਟਾਂ 'ਤੇ ਦਾਖ਼ਲਾ ਭਰਿਆ ਜਾਵੇਗਾ | ਉਕਤ ਜਾਣਕਾਰੀ ਦਿੰਦਿਆਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਕਿਹਾ ਕਿ ਸੀਟਾਂ ਵਿਚ ਵਾਧਾ ਮੁੱਖ ਮੰਤਰੀ ਭਗਵੰਤ ਮਾਨ ਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੇ ਯਤਨਾਂ ਨਾਲ ਸੰਭਵ ਹੋਇਆ ਹੈ | ਉਨ੍ਹਾਂ ਦੱਸਿਆ ਕਿ ਡੈਂਟਲ ਕਾਲਜ ਲਈ ਵੀ ਸਰਕਾਰ ਵਲੋਂ 50 ਬੀ.ਡੀ.ਐਸ. ਸੀਟਾਂ ਦੀ ਪ੍ਰਵਾਨਗੀ ਵੀ ਜਲਦ ਮਿਲਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਐਮ.ਬੀ.ਬੀ.ਐਸ. ਤੋਂ ਇਲਾਵਾ ਪੋਸਟ ਗਰੈਜੂਏਟ ਸਿੱਖਿਆ ਵਿਚ ਵੀ ਸ਼ਾਨਦਾਰ ਵਾਧਾ ਹੋਇਆ ਹੈ | 1998-99 ਵਿਚ ਕੇਵਲ 9 ਐਮ.ਡੀ., ਐਮ.ਐਸ. ਸੀਟਾਂ ਸਨ, ਜਿਹੜੀਆਂ ਹੁਣ 2025 ਤੱਕ 105 ਹੋ ਗਈਆਂ ਹਨ | ਆਉਣ ਵਾਲੇ ਸ਼ੈਸਨ ਤੋਂ 22 ਹੋਰ ਸੀਟਾਂ ਵਧਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਹ ਸੀਟਾਂ ਵਧਣ ਨਾਲ ਪੰਜਾਬ ਦੀ ਸਿਹਤ ਸਿੱਖਿਆ ਅਤੇ 'ਹੈਲਥ ਕੇਅਰ' ਨੂੰ ਮਜ਼ਬੂਤ ਕਰਨ ਦਾ ਇਕ ਵੱਡਾ ਉਪਰਾਲਾ ਹੈ | ਇਸ ਮੌਕੇ ਡਾ. ਪੀ. ਐਸ. ਬਰਾੜ ਮੈਂਬਰ ਬੋਰਡ ਆਫ਼ ਮੈਨੇਜਮੈਂਟ ਬਾਬਾ ਫ਼ਰੀਦ ਯੂਨੀਵਰਸਿਟੀ, ਡਾ. ਅਰਵਿੰਦ ਕੁਮਾਰ ਰਜਿਸਟਰਾਰ, ਡਾ. ਸੰਜੇ ਗੁਪਤਾ ਪਿ੍ੰਸੀਪਲ ਅਤੇ ਡਾ. ਦਵਿੰਦਰ ਕੁਮਾਰ ਨੋਡਲ ਅਫ਼ਸਰ ਆਦਿ ਹਾਜ਼ਰ ਸਨ |