ਚੰਡੀਗੜ੍ਹ, 5 ਸਤੰਬਰ (ਸੰਦੀਪ ਕੁਮਾਰ ਮਾਹਨਾ)ਪੰਜਾਬ ਦੇ ਸਾਰੇ ਜ਼ਿਲ੍ਹੇ ਇਸ ਵੇਲੇ ਹੜ੍ਹ ਦੀ ਤਬਾਹੀ ਦਾ ਸ਼ਿਕਾਰ ਹਨ | ਪੰਜਾਬ ਸਰਕਾਰ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਕੁੱਲ 1,902 ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋ ਚੁੱਕੇ ਹਨ | ਗੁਰਦਾਸਪੁਰ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿਥੇ 329 ਪਿੰਡਾਂ ਵਿਚ ਪਾਣੀ ਦਾਖ਼ਲ ਹੋ ਚੁੱਕਾ ਹੈ | ਅੰਮਿ੍ਤਸਰ (190), ਬਰਨਾਲਾ (121), ਹੁਸ਼ਿਆਰਪੁਰ (168), ਕਪੂਰਥਲਾ (144) ਸਮੇਤ ਹੋਰ ਜ਼ਿਲਿ੍ਹਆਂ 'ਚ ਵੀ ਹੜ੍ਹ ਨੇ ਕਹਿਰ ਢਾਹਿਆ ਹੈ | ਹੜ੍ਹਾਂ ਕਾਰਨ ਹੁਣ ਤੱਕ ਕੁੱਲ 3,84,205 ਲੋਕ ਪ੍ਰਭਾਵਿਤ ਹੋਏ ਹਨ | ਸਭ ਤੋਂ ਵੱਧ ਗੁਰਦਾਸਪੁਰ ਵਿਚ 1,45,000 ਲੋਕ ਪ੍ਰਭਾਵਿਤ ਹੋਏ ਹਨ, ਜਦਕਿ ਅੰਮਿ੍ਤਸਰ ਦੇ 1,35,880, ਫਿਰੋਜ਼ਪੁਰ ਦੇ 38,594, ਫਾਜ਼ਿਲਕਾ ਦੇ 24,212 ਅਤੇ ਪਠਾਨਕੋਟ ਦੇ 15,503 ਲੋਕ ਹੜ੍ਹ ਦੀ ਲਪੇਟ 'ਚ ਹਨ | ਸੂਬੇ ਭਰ 'ਚ ਹੜ੍ਹਾਂ ਕਾਰਨ 43 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ 'ਚ ਹੁਸ਼ਿਆਰਪੁਰ ਵਿਖੇ 7 ਲੋਕਾਂ ਦੀ, ਅੰਮਿ੍ਤਸਰ ਤੇ ਬਰਨਾਲਾ ਵਿਚ 5-5, ਪਠਾਨਕੋਟ ਵਿਚ 6, ਲੁਧਿਆਣਾ ਤੇ ਬਠਿੰਡਾ ਵਿਚ 4-4, ਗੁਰਦਾਸਪੁਰ ਵਿਚ 2 ਅਤੇ ਮਾਨਸਾ ਵਿਚ 3 ਮੌਤਾਂ ਹੋਈਆਂ ਹਨ | ਇਸ ਤੋਂ ਇਲਾਵਾ ਪਠਾਨਕੋਟ ਵਿਚ 3 ਲੋਕ ਅਜੇ ਵੀ ਲਾਪਤਾ ਹਨ | ਪੰਜਾਬ ਸਰਕਾਰ ਮੁਤਾਬਕ ਹੁਣ ਤੱਕ 20,972 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ | ਸੂਬੇ 'ਚ 196 ਰਾਹਤ ਕੈਂਪ ਬਣਾਏ ਗਏ ਹਨ, ਜਿਨ੍ਹਾਂ ਵਿਚ 6,755 ਲੋਕ ਟਿਕੇ ਹੋਏ ਹਨ | ਫਾਜ਼ਿਲਕਾ (2,339) ਤੇ ਹੁਸ਼ਿਆਰਪੁਰ (1,041) ਵਿਚ ਸਭ ਤੋਂ ਵੱਧ ਲੋਕ ਕੈਂਪਾਂ ਵਿਚ ਰਹਿ ਰਹੇ ਹਨ | ਪੰਜਾਬ 'ਚ 37 ਸਾਲਾ ਬਾਅਦ ਆਏ ਹੜ੍ਹਾਂ ਕਾਰਨ 1,71,819 ਹੈਕਟੇਅਰ ਫ਼ਸਲ ਬਰਬਾਦ ਹੋ ਚੁੱਕੀ ਹੈ, ਜਿਸ ਦੇ ਚਲਦਿਆਂ ਗੁਰਦਾਸਪੁਰ 'ਚ 40,169 ਹੈਕਟੇਅਰ, ਅੰਮਿ੍ਤਸਰ 26,701 ਹੈਕਟੇਅਰ, ਫਿਰੋਜ਼ਪੁਰ 17,221 ਹੈਕਟੇਅਰ ਤੇ ਕਪੂਰਥਲਾ 'ਚ 17,807 ਹੈਕਟੇਅਰ ਵਿਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ | ਸੂਬੇ ਵਿਚ ਰਾਹਤ ਕਾਰਜਾਂ ਲਈ ਐਨ.ਡੀ.ਆਰ.ਐਫ. ਦੀਆਂ 31 ਟੀਮਾਂ, ਫ਼ੌਜ, ਜਲ ਸੈਨਾ ਤੇ ਹਵਾਈ ਫ਼ੌਜ ਦੀਆਂ 28 ਟੀਮਾਂ ਅਤੇ 134 ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ | ਇਸ ਤੋਂ ਇਲਾਵਾ 30 ਤੋਂ ਵੱਧ ਹੈਲੀਕਾਪਟਰ ਵੀ ਰਾਹਤ ਕਾਰਜਾਂ ਵਿਚ ਸ਼ਾਮਿਲ ਹਨ | ਘਰਾਂ ਤੇ ਪਸ਼ੂਆਂ ਦੇ ਨੁਕਸਾਨ ਦਾ ਪੂਰਾ ਅੰਕੜਾ ਪਾਣੀ ਥੱਲੇ ਉੱਤਰਨ ਤੋਂ ਬਾਅਦ ਹੀ ਸਾਹਮਣੇ ਆਵੇਗਾ |