ਰਾਜਸਥਾਨ 'ਚ ਜਾਰੀ ਭਾਰੀ ਮੀਂਹ ਕਾਰਨ ਹਰੀ ਮੂੰਗੀ ਤੇ ਸਾਬਤ ਮਾਂਹ ਦੀ ਦਾਲ ਦੇ ਨੁਕਸਾਨ ਦਾ ਖ਼ਦਸ਼ਾ
<br/>
ਜਲੰਧਰ, 6 ਸਤੰਬਰ (ਸ਼ਿਵ)-ਇਸ ਵਾਰ ਕਹਿਰ ਦੇ ਪਏ ਮੀਂਹ ਕਰਕੇ ਪੰਜਾਬ ਸਮੇਤ ਉੱਤਰੀ ਰਾਜਾਂ ਵਿਚ ਜਾਨੀ-ਮਾਲੀ ਨੁਕਸਾਨ ਤੋਂ ਇਲਾਵਾ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ | ਪੰਜਾਬ 'ਚ ਲੱਖਾਂ ਏਕੜ ਝੋਨੇ ਦੀ ਫ਼ਸਲ ਖ਼ਰਾਬ ਹੋ ਗਈ ਹੈ | ਇਸ ਵਾਰ ਉਨ੍ਹਾਂ ਰਾਜਾਂ ਵਿਚ ਵੀ ਭਾਰੀ ਮੀਂਹ ਪੈ ਰਹੇ ਹਨ, ਜਿਥੋਂ ਕਿ ਪੰਜਾਬ ਤੋਂ ਵੱਡੀ ਮਾਤਰਾ ਵਿਚ ਦਾਲਾਂ ਆਉਂਦੀਆਂ ਹਨ | ਕਈ ਦਾਲਾਂ ਪੰਜਾਬ, ਹਰਿਆਣਾ 'ਚ ਵੀ ਪੈਦਾ ਹੁੰਦੀਆਂ ਹਨ ਅਤੇ ਹੁਣ ਤੱਕ ਪੰਜਾਬ ਦੀਆਂ ਦਾਲਾਂ ਬਾਜ਼ਾਰ ਵਿਚ ਆ ਚੁੱਕੀਆਂ ਹਨ | ਹਰੀ ਮੰੂਗੀ ਤੇ ਮਾਂਹ ਸਾਬਤ ਦਾਲਾਂ ਤੇ ਮੰੂਗਫਲੀ ਰਾਜਸਥਾਨ ਤੋਂ ਵੱਡੀ ਮਾਤਰਾ 'ਚ ਪੰਜਾਬ ਵਿਚ ਅਜੇ ਆਉਣੀਆਂ ਹਨ | ਇਸ ਸਾਲ ਬਾਜ਼ਾਰ 'ਚ ਦਾਲਾਂ ਦੀਆਂ ਕੀਮਤਾਂ ਸਥਿਰ ਰਹੀਆਂ ਹਨ ਪਰ ਜਿਸ ਤਰ੍ਹਾਂ ਨਾਲ ਰਾਜਸਥਾਨ ਵਿਚ ਪੈ ਰਹੇ ਭਾਰੀ ਮੀਂਹ ਅਤੇ ਆਉਣ ਵਾਲੇ ਦੋ ਦਿਨ ਮੀਂਹ ਦੇ ਹੋਰ ਅਲਰਟ ਕਰਕੇ ਉਥੋਂ ਦੇ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ | ਇਸ ਵੇਲੇ ਰਾਜਸਥਾਨ ਵਿਚ ਦਾਲਾਂ ਦੀਆਂ ਫ਼ਸਲਾਂ ਵੀ ਪੂਰੀ ਤਰਾਂ ਨਾਲ ਪੱਕੀਆਂ ਹੁੰਦੀਆਂ ਹਨ | ਰਾਜਸਥਾਨ ਵਿਚ ਪ੍ਰਮੁੱਖ ਤੌਰ 'ਤੇ ਦੂਜੇ ਰਾਜਾਂ ਦੀ ਜ਼ਿਆਦਾਤਰ ਮੰਗ ਵਾਲੀਆਂ ਫਸਲਾਂ ਵਿਚ ਮੰੂਗੀ ਸਾਬਤ, ਮਾਂਹ ਸਾਬਤ, ਮੰੂਗਫਲੀ ਤੇ ਕਾਲੇ ਛੋਲੇ ਫ਼ਸਲਾਂ ਹੁੰਦੀਆਂ ਹਨ | ਪੰਜਾਬ ਵਿਚ ਵੀ ਇਹ ਦਾਲਾਂ ਰਾਜਸਥਾਨ ਤੋਂ ਵੱਡੀ ਮਾਤਰਾ ਵਿਚ ਆਉਂਦੀਆਂ ਹਨ ਪਰ ਲਗਾਤਾਰ ਪੈ ਰਹੇ ਮੀਂਹ ਕਰਕੇ ਮੰੂਗੀ ਸਾਬਤ ਤੇ ਮਾਂਹ ਸਾਬਤ ਦੀ ਫ਼ਸਲ ਨੂੰ ਨੁਕਸਾਨ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ | ਰਾਜਸਥਾਨ ਗਏ ਪੰਜਾਬ ਦੇ ਕਾਰੋਬਾਰੀ ਅਨਿਲ ਸੋਨੀ ਨੇ ਦੱਸਿਆ ਕਿ ਉਨ੍ਹਾਂ ਨੇ ਹਰੀ ਮੰੂਗੀ ਦੀ ਫਲੀ ਦੇਖਣ ਨੂੰ ਮਿਲੀ, ਜਿਸ ਦਾ ਲਗਾਤਾਰ ਮੀਂਹ ਪੈਣ ਕਰਕੇ ਕਈ ਥਾਵਾਂ 'ਤੇ ਦਾਣੇ ਦਾ ਰੰਗ ਕਾਲਾ ਪੈ ਗਿਆ | ਉਨ੍ਹਾਂ ਕਿਹਾ ਕਿ ਜੇ ਮੀਂਹ ਨਾ ਰੁਕੇ ਤਾਂ ਤਿੰਨੇ ਫ਼ਸਲਾਂ ਦਾ ਜ਼ਿਆਦਾ ਨੁਕਸਾਨ ਹੋਵੇਗਾ | ਰਾਜਸਥਾਨ ਦੇ ਕਿਸਾਨਾਂ ਲਈ ਇਸ ਦੇ ਨਾਲ ਮੰੂਗਫਲੀ ਵੀ ਸਭ ਤੋਂ ਵੱਡੀ ਫ਼ਸਲ ਗਿਣੀ ਜਾਂਦੀ ਹੈ | ਰਾਜਸਥਾਨ ਤੋਂ ਹੀ ਜ਼ਿਆਦਾਤਰ ਮੰੂਗਫਲੀ ਪੰਜਾਬ, ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ ਨੂੰ ਭੇਜੀ ਜਾਂਦੀ ਹੈ |
ਭਾਰੀ ਮੀਂਹ ਦਾ ਇਸ ਵਾਰ ਦਾਲ ਬਾਜ਼ਾਰ 'ਤੇ ਵੀ ਪਵੇਗਾ ਅਸਰ
ਅਜੀਤ ਡੈਸਕ
07-09-2025