ਪੰਜਾਬ ਸਮੇਤ ਵੱਖ-ਵੱਖ ਰਾਜਾਂ ਤੱਕ ਡਿਜੀਟਲ ਕਸੌਟੀਆਂ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ
<br/>
ਰਾਮਪੁਰਾ ਫੂਲ, 7 ਸਤੰਬਰ (ਨਰਪਿੰਦਰ ਸਿੰਘ ਧਾਲੀਵਾਲ)-ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ 'ਚ ਲਾਭਪਾਤਰੀਆਂ ਦੀ ਗਿਰਾਵਟ ਚਿੰਤਾਜਨਕ ਵਿਸ਼ਾ ਹੈ | ਪੰਜਾਬ ਸਮੇਤ ਵੱਖ-ਵੱਖ ਰਾਜਾਂ ਤੱਕ ਡਿਜੀਟਲ ਕਸੌਟੀਆਂ ਕਾਰਨ ਕਿਸਾਨਾਂ ਦੀ ਵੱਡਾ ਨੁਕਸਾਨ ਹੋਇਆ ਹੈ | ਭਾਰਤ ਸਰਕਾਰ ਨੇ ਡਾਟਾ ਸੁੱਧੀਕਰਨ ਦੇ ਨਾਂਅ ਤੇ 'ਫਾਲਸ ਨੈਗੇਟਿਵ' ਵਜੋਂ ਕਹਿ ਕੇ ਕਿਸਾਨਾਂ ਨੂੰ ਯੋਜਨਾ 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ | ਪੰਜਾਬ 'ਚ ਲਾਭਪਾਤਰੀਆਂ ਦਾ ਲਗਭਗ 43 ਫ਼ੀਸਦੀ ਤੱਕ ਨਿਘਾਰ ਸਾਹਮਣੇ ਆਇਆ ਹੈ | ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਨੂੰ ਛੋਟੇ ਤੇ ਮੱਧਮ ਵਰਗ ਦੇ ਕਿਸਾਨਾਂ ਲਈ ਇਕ ਇਤਿਹਾਸਕ ਰਾਹਤ ਯੋਜਨਾ ਵਜੋਂ ਪੇਸ਼ ਕੀਤਾ ਗਿਆ ਸੀ ਪਰ ਹੁਣ ਸਰਕਾਰ ਦੇ ਅੰਕੜਿਆਂ ਵਿਚ ਅਜਿਹਾ ਸੱਚ ਸਾਹਮਣੇ ਆਇਆ ਹੈ, ਜੋ ਸਰਕਾਰ ਦੀ ਨੀਤੀ, ਪ੍ਰਬੰਧਨ ਅਤੇ ਡਿਜੀਟਲ ਸੁਧਾਰਾਂ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ | ਇਸ ਸਕੀਮ ਵਿਚ ਇਕ ਸਮੇਂ ਕਰੋੜਾਂ ਕਿਸਾਨਾਂ ਦੀ ਕਿਸ਼ਤ ਰੁਕ ਗਈ, ਕਈ ਹੱਕਦਾਰ ਬਿਨ੍ਹਾਂ ਕਿਸੇ ਗਲਤੀ ਦੇ ਸਿਸਟਮ ਤੋਂ ਬਾਹਰ ਹੋ ਗਏ ਅਤੇ ਖਾਸ ਕਰਕੇ ਪੰਜਾਬ ਵਰਗੇ ਸੂਬੇ ਵਿਚ ਤਾਂ ਹਾਲਾਤ ਬਹੁਤ ਗੰਭੀਰ ਨਜ਼ਰ ਆਏ | ਈ-ਕੇ.ਵਾਈ.ਸੀ. ਕਰਵਾਉਣ ਲਈ ਪਿੰਡਾਂ ਦੇ ਕਿਸਾਨ ਕਤਾਰਾਂ ਵਿਚ ਖੜ੍ਹੇ ਰਹੇ | ਬਾਇਓਮੈਟਿ੍ਕ ਮਸ਼ੀਨਾਂ ਨੇ ਕਈ ਵਾਰ ਅੰਗੂਠੇ ਦੇ ਨਿਸ਼ਾਨ ਨਹੀਂ ਪੜ੍ਹੇ | ਆਧਾਰ 'ਤੇ ਬੈਂਕ ਖਾਤੇ ਦੇ ਨਾਂਅ ਵਿਚ ਛੋਟੀ ਜਿਹੀ ਗ਼ਲਤੀ ਕਾਰਨ ਕਿਸੇ ਦੀ ਕਿਸ਼ਤ ਰੁਕ ਗਈ | ਇਨ੍ਹਾਂ ਛੋਟੀਆਂ ਗ਼ਲਤੀਆਂ ਲਈ ਕੋਈ ਢੰਗ ਦਾ ਹੱਲ ਜ਼ਮੀਨ ਪੱਧਰ 'ਤੇ ਨਹੀਂ ਦਿੱਤਾ ਗਿਆ | ਅੰਕੜਿਆਂ ਮੁਤਾਬਿਕ 11ਵੀਂ ਕਿਸ਼ਤ ਵਿਚ ਦੇਸ ਦੇ 10.48 ਕਰੋੜ ਕਿਸਾਨਾਂ ਨੂੰ 22,617 ਕਰੋੜ ਰੁਪਏ ਤੋਂ ਵੱਧ ਰਕਮ ਜਾਰੀ ਹੋਈ ਪਰ 12ਵੀਂ ਕਿਸ਼ਤ ਵਿਚ ਇਹ ਗਿਣਤੀ ਘੱਟ ਕੇ 8.57 ਕਰੋੜ ਰਹਿ ਗਈ ਅਤੇ ਰਕਮ ਵਿਚ ਘੱਟ ਕੇ 18041 ਕਰੋੜ ਹੀ ਮਿਲੀ | ਇਹ ਅਚਾਨਕ 1.91 ਕਰੋੜ ਲਾਭਪਾਤਰੀਆਂ ਦੀ ਕਮੀ ਸਾਹਮਣੇ ਆਈ | ਇਹ ਘਾਟ ਕਿਸੇ ਆਮ ਤਕਨੀਕੀ ਗ਼ਲਤੀ ਕਰਕੇ ਨਹੀਂ ਸੀ, ਸਗੋਂ ਸਰਕਾਰ ਵਲੋਂ ਕੀਤੀਆਂ ਨਵੀਆਂ ਡਿਜੀਟਲ ਸ਼ਰਤਾਂ ਕਾਰਨ ਸੀ | ਆਧਾਰ ਆਧਾਰਿਤ ਭੁਗਤਾਨ, ਜ਼ਮੀਨ ਦੇ ਰਿਕਾਰਡਾਂ ਦੀ ਸੀਡਿੰਗ, ਕੇ.ਵਾਈ.ਸੀ. ਦੀ ਲਾਜ਼ਮੀ ਸ਼ਰਤ ਅਤੇ ਵੱਖ-ਵੱਖ 'ਡਾਟਾਬੇਸ' ਨਾਲ 'ਇੰਟੀਗਰੇਸਨ' ਨੇ ਮਿਲ ਕੇ ਹਜ਼ਾਰਾਂ ਨਹੀਂ, ਲੱਖਾਂ ਕਿਸਾਨਾਂ ਨੂੰ ਸਿਸਟਮ ਤੋਂ ਬਾਹਰ ਧਕੇਲਿਆ | ਪੰਜਾਬ ਦੇ ਹਾਲਾਤ ਤਾਂ ਹੋਰ ਵੀ ਖ਼ਰਾਬ ਸਨ | 11ਵੀਂ ਕਿਸ਼ਤ ਵਿਚ ਪੰਜਾਬ ਦੇ ਲਗਭਗ 16.97 ਲੱਖ ਕਿਸਾਨਾਂ ਨੂੰ 340 ਕਰੋੜ ਤੋਂ ਵੱਧ ਰਕਮ ਮਿਲੀ ਪਰ 12ਵੀਂ ਕਿਸ਼ਤ ਵਿਚ ਇਹ ਗਿਣਤੀ ਡਿੱਗ ਕੇ ਸਿਰਫ਼ 2.07 ਲੱਖ ਰਹਿ ਗਏ ਅਤੇ ਰਕਮ 41 ਕਰੋੜ 'ਤੇ ਆ ਗਈ | ਇਹ ਨਿਘਾਰ 88 ਫ਼ੀਸਦੀ ਦੇ ਲਗਭਗ ਬਣਦਾ ਹੈ | ਉਪਰੰਤ ਗਿਣਤੀ ਹੌਲੀ-ਹੌਲੀ ਵਧੀ ਪਰ 19ਵੀਂ ਕਿਸ਼ਤ ਵਿਚ ਵੀ ਸਿਰਫ਼ 10.23 ਲੱਖ ਕਿਸਾਨਾਂ ਨੂੰ ਕਿਸ਼ਤ ਮਿਲੀ, ਜਿਸ ਦਾ ਮਤਲਬ ਇਹ ਹੈ ਕਿ 11ਵੀਂ ਕਿਸ਼ਤ ਦੇ ਮੁਕਾਬਲੇ ਹਾਲੇ ਵੀ ਕਰੀਬ 43 ਫ਼ੀਸਦੀ ਘਾਟ ਹੈ | ਇਹ ਸਿਰਫ਼ ਗਿਣਤੀਆਂ ਦੀ ਖੇਡ ਨਹੀਂ ਹਰ ਗਿਣਤੀ ਦੇ ਪਿੱਛੇ ਇਕ ਕਿਸਾਨ ਦਾ ਪਰਿਵਾਰ ਹੈ, ਉਸ ਦੀ ਫ਼ਸਲ ਦਾ ਚੱਕਰ ਹੈ, ਉਸ ਦੇ ਘਰ-ਬਾਹਰ ਦਾ ਖਰਚਾ ਹੈ | ਜਦੋਂ ਕਿਸਾਨ ਨੂੰ ਉਸ ਦੀ ਕਿਸ਼ਤ ਸਮੇਂ 'ਤੇ ਨਹੀਂ ਮਿਲਦੀ ਤਾਂ ਉਹ ਖਾਦ ਬੀਜ, ਕੀਟਨਾਸ਼ਕ ਖ਼ਰੀਦਣ ਵਿਚ ਪਿੱਛੇ ਰਹਿ ਜਾਂਦਾ ਹੈ, ਇਸ ਨਾਲ ਸਿੱਧਾ ਉਸ ਦੀ ਫ਼ਸਲ ਦੇ ਉਤਪਾਦਨ 'ਤੇ ਅਸਰ ਪੈਂਦਾ ਹੈ | ਪੰਜਾਬ ਦੇ ਜਿਹੜੇ ਕਿਸਾਨਾਂ ਦੀਆਂ ਕਿਸ਼ਤਾਂ ਰੁਕ ਗਈਆਂ ਹਨ, ਉਨ੍ਹਾਂ ਨੇ ਖ਼ੁਦ ਦੱਸਿਆ ਕਿ ਉਨ੍ਹਾਂ ਨੂੰ ਕਰਜ਼ਾ ਲੈ ਕੇ ਖੇਤੀ ਕਰਨੀ ਪਈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਗਿਰਾਵਟ ਤੋਂ ਬਾਅਦ ਉੱਤਰ ਪ੍ਰਦੇਸ, ਰਾਜਸਥਾਨ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਨੇ ਵੀ ਰਿਕਵਰੀ ਕਰ ਲਈ ਹੈ, ਕਿਉਂ ਜੋ ਸਰਕਾਰ ਨੇ ਹਾਲਾਤ ਨੂੰ ਸੰਭਾਲਣ ਲਈ 'ਸੰਤਿ੍ਪਤਾ' ਮੁਹਿੰਮਾਂ ਚਲਾਈਆਂ ਅਤੇ 15 ਨਵੰਬਰ, 2023 ਤੋਂ ਸ਼ੁਰੂ ਹੋਈ 'ਵਿਕਸਤ ਭਾਰਤ ਸੰਕਲਪ ਯਾਤਰਾ' ਵਿਚ ਲਗਭਗ 1 ਕਰੋੜ ਨਵੇਂ ਲਾਭ ਪਾਤਰੀ ਜੋੜੇ ਗਏ | ਫਿਰ ਸਰਕਾਰ ਦੇ 100 ਦਿਨ ਦੀ ਮੁਹਿੰਮ ਵਿਚ 25 ਲੱਖ ਹੋਰ ਜੋੜੇ ਗਏ | ਸਤੰਬਰ 2024 ਤੋਂ ਲੰਬੇ ਸਮੇਂ ਤੋਂ ਬਕਾਇਆ ਸੈੱਲਫ਼ ਰਜਿਸਟ੍ਰੇਸਨਾਂ ਵਿਚੋਂ 30 ਲੱਖ ਨੂੰ ਕਲੀਅਰ ਕੀਤਾ ਗਿਆ, ਇਸ ਕਰਕੇ 19ਵੀਂ ਕਿਸ਼ਤ ਵਿਚ ਲਾਭਪਾਤਰੀਆਂ ਦੀ ਗਿਣਤੀ 9.88 ਕਰੋੜ ਤੱਕ ਵੱਧ ਗਈ | ਇਹ ਵੀ ਕਿ ਕਾਗ਼ਜ਼ੀ ਪਾਰਦਰਸ਼ਤਾ ਕਾਫੀ ਨਹੀਂ, ਡਾਟਾ ਦੇ ਨਾਲ ਜ਼ਮੀਨੀ ਪੱਧਰ 'ਤੇ ਲੋਕਾਂ 'ਚ ਪਾਰਦਰਸ਼ਤਾ ਲਿਆਉਣੀ ਜ਼ਰੂਰੀ ਹੈ | ਦੂਜੇ ਪਾਸੇ, ਕਿਸਾਨ ਯੋਜਨਾ ਤਹਿਤ 19 ਕਿਸ਼ਤਾਂ 'ਚ 3.68 ਲੱਖ ਕਰੋੜ ਤੋਂ ਵੱਧ ਰਕਮ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਭੇਜਣ ਦਾ ਦਾਅਵਾ ਕੀਤਾ ਗਿਆ ਹੈ | ਇਹ ਵੀ ਕਿ ਪੰਜਾਬ ਅੰਦਰ ਤਾਜ਼ਾ ਆਏ ਹੜ੍ਹਾਂ ਕਾਰਨ ਪੰਜਾਬ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਪ੍ਰਧਾਨ ਮੰਤਰੀ 9 ਸਤੰਬਰ ਨੂੰ ਆਪਣੀ ਫੇਰੀ ਦੌਰਾਨ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕਰਨ | ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਪੰਜਾਬ ਨਾਲ ਆਜ਼ਾਦੀ ਤੋਂ ਬਾਅਦ ਤੋਂ ਹੀ ਵਿਤਕਰਾ ਹੁੰਦਾ ਆ ਰਿਹਾ ਹੈ | ਉਨ੍ਹਾਂ ਪੰਜਾਬੀ ਸੂਬੇ ਲਈ ਵੱਧ ਅਧਿਕਾਰਾਂ ਦੀ ਵਕਾਲਤ ਕੀਤੀ ਹੈ |
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ 'ਚ ਲਾਭਪਾਤਰੀਆਂ ਦੀ ਗਿਰਾਵਟ ਚਿੰਤਾਜਨਕ
ਅਜੀਤ ਡੈਸਕ
08-09-2025