ਸੀਤਾਪੁਰ (ਉੱਤਰ ਪ੍ਰਦੇਸ਼), 23 ਸਤੰਬਰ (ਪੀ.ਟੀ.ਆਈ.)-ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਆਜ਼ਮ ਖਾਨ ਨੂੰ ਲਗਭਗ ਦੋ ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਮੰਗਲਵਾਰ ਨੂੰ ਸੀਤਾਪੁਰ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ¢ ਆਪਣੇ ਖਾਸ ਚਿੱਟੇ ਕੁੜਤੇ-ਪਜਾਮੇ ਅਤੇ ਕਾਲੀ ਵਾਸਕਟ ਪਹਿਣ ਕੇ ਖਾਨ ਇਕ ਨਿੱਜੀ ਗੱਡੀ 'ਚ ਜੇਲ੍ਹ ਦੇ ਅਹਾਤੇ 'ਚੋਂ ਲੰਘੇ ਅਤੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ | ਖਾਨ ਦੇ ਵੱਡੇ ਪੁੱਤਰ ਅਦੀਬ ਸੈਂਕੜੇ ਪਾਰਟੀ ਕਾਰਕੁੰਨਾਂ ਦੇ ਨਾਲ ਸਵੇਰ ਤੋਂ ਹੀ ਸੀਤਾਪੁਰ ਜ਼ਿਲ੍ਹਾ ਜੇਲ੍ਹ ਦੇ ਬਾਹਰ ਉਨ੍ਹਾਂ ਦੇ ਸਵਾਗਤ ਲਈ ਇਕੱਠੇ ਹੋ ਗਏ ਸਨ | ਰਾਸ਼ਟਰੀ ਸਕੱਤਰ ਅਤੇ ਸਾਬਕਾ ਵਿਧਾਇਕ ਅਨੂਪ ਗੁਪਤਾ, ਮੁਰਾਦਾਬਾਦ ਦੀ ਸੰਸਦ ਮੈਂਬਰ ਰੁਚੀ ਵੀਰਾ ਅਤੇ ਜ਼ਿਲ੍ਹਾ ਪ੍ਰਧਾਨ ਛਤਰਪਤੀ ਯਾਦਵ ਸਮੇਤ ਕਈ ਸਪਾ ਆਗੂ ਵੀ ਖਾਨ ਦਾ ਸਵਾਗਤ ਕਰਨ ਲਈ ਜੇਲ੍ਹ ਦੇ ਬਾਹਰ ਮੌਜੂਦ ਸਨ | ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਦੀਬ ਨੇ ਕਿਹਾ,' ਆਜਮ ਖਾਨ ਅੱਜ ਦੇ ਹੀਰੋ ਹਨ | ਮੈਂ ਉਨ੍ਹਾਂ ਦਾ ਸਾਰੇ ਸਮਰਥਕਾਂ ਦੇ ਨਾਲ ਉਨ੍ਹਾਂ ਦਾ ਸਵਾਗਤ ਕਰਨ ਆਇਆ ਹਾਂ | ਮੈਂ ਹੋਰ ਕੁਝ ਨਹੀਂ ਕਹਿਣਾ ਹੈ | ਜੋ ਕੁਝ ਵੀ ਕਹਿਣਾ ਮੇਰੇ ਪਿਤਾ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕਹਿਣਗੇ |' ਸਪਾ ਆਗੂ ਰੁਚੀ ਵੀਰਾ ਨੇ ਕਿਹਾ ਕਿ ਪਾਰਟੀ ਇਸ ਦਿਨ ਨੂੰ 'ਨਿਆਂ ਦੀ ਜਿੱਤ ਦਿਵਸ' ਦੇ ਰੂਪ 'ਚ ਮਨਾਏਗੀ |
ਸਰਕਾਰ ਬਣਨ 'ਤੇ ਆਜ਼ਮ ਵਿਰੁੱਧ ਸਾਰੇ 'ਝੂਠੇ' ਮਾਮਲੇ ਵਾਪਸ ਲਏ ਜਾਣਗੇ-ਅਖਿਲੇਸ਼
ਲਖਨਊ-ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸੀਨੀਅਰ ਆਗੂ ਆਜ਼ਮ ਖਾਨ ਦੀ ਜੇਲ੍ਹ ਤੋਂ ਰਿਹਾਈ ਦਾ ਸਵਾਗਤ ਕੀਤਾ ਤੇ ਐਲਾਨ ਕੀਤਾ ਕਿ ਉੱਤਰ ਪ੍ਰਦੇਸ਼ 'ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ 'ਤੇ ਉਨ੍ਹਾਂ ਵਿਰੁੱਧ ਸਾਰੇ 'ਝੂਠੇ' ਮਾਮਲੇ ਵਾਪਿਸ ਲੈ ਲਏ ਜਾਣਗੇ | ਯਾਦਵ ਨੇ ਕਿਹਾ 'ਅੱਜ ਬਹੁਤ ਖੁਸ਼ੀ ਦਾ ਪਲ ਹੈ, ਆਖਰ ਉਨ੍ਹਾਂ ਨੂੰ ਨਿਆਂ ਮਿਲਿਆ ਹੈ |' ਸਾਬਕਾ ਮੁੱਖ ਮੰਤਰੀ ਨੇ ਬਿਨਾਂ ਕਿਸੇ ਦਾ ਨਾਂਅ ਲਏ ਦੋਸ਼ ਲਗਾਇਆ ਕਿ ਸੂਬੇ 'ਚ ਭਗਵਾ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਉਨ੍ਹਾਂ ਦੇ, ਉਨ੍ਹਾਂ ਦੇ ਉਪ-ਮੁੱਖ ਮੰਤਰੀ ਤੇ ਹੋਰ ਭਾਜਪਾ ਆਗੂਆਂ ਵਿਰੁੱਧ ਦਰਜ ਸਾਰੇ ਮਾਮਲੇ ਵਾਪਸ ਲੈ ਲਏ ਹਨ |
ਆਜ਼ਮ ਖਾਨ ਲਗਭਗ ਦੋ ਸਾਲਾਂ ਬਾਅਦ ਜੇਲ੍ਹ ਤੋਂ ਰਿਹਾਅ, ਸਮਰਥਕਾਂ ਨੇ ਕੀਤਾ ਭਰਵਾਂ ਸਵਾਗਤ <br/>
ਅਜੀਤ ਡੈਸਕ
24-09-2025