ਚੰਡੀਗੜ੍ਹ, 24 ਸਤੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਮੁੱਖ ਦਫ਼ਤਰ ਚੰਡੀਗੜ੍ਹ ਤੋਂ 500 ਦੇ ਕਰੀਬ ਫ਼ੌਗਿਗ ਵਾਲੀਆਂ ਮਸ਼ੀਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜੋ ਮਲੇਰੀਆ ਤੇ ਹੋਰ ਪਾਣੀ ਵਾਲੀਆਂ ਬਿਮਾਰੀਆਂ ਲਈ ਵਰਤੀਆਂ ਜਾਣਗੀਆਂ | ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਪਾਰਟੀ ਆਬਜ਼ਰਵਰਾਂ ਨੇ ਹੜ੍ਹ ਮਾਰੇ ਇਲਾਕਿਆਂ ਦਾ ਦੌਰਾ ਕੀਤਾ ਹੈ ਅਤੇ ਜਿਹੜੇ ਇਲਾਕਿਆਂ ਵਿਚ ਸਭ ਤੋਂ ਵੱਧ ਤਬਾਹੀ ਹੋਈ ਹੈ, ਉਨ੍ਹਾਂ ਦੀ ਵੱਖਰੇ ਤੌਰ 'ਤੇ ਨਿਸ਼ਾਨਦੇਹੀ ਕੀਤੀ ਹੈ | ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਇਨ੍ਹਾਂ ਲੋਕਾਂ ਤੱਕ ਪਹਿਲਾਂ ਪਹੁੰਚ ਕੀਤੀ ਜਾਵੇ ਅਤੇ ਇਨ੍ਹਾਂ ਨੂੰ ਸਹਾਇਤਾ ਪ੍ਰਦਾਨ ਕਰਕੇ ਇਨ੍ਹਾਂ ਨੂੰ ਪੈਰਾਂ ਸਿਰ ਕੀਤਾ ਜਾਵੇ | ਉਨ੍ਹਾਂ ਇਹ ਵੀ ਦੱਸਿਆ ਕਿ ਫ਼ੌਗਿੰਗ ਮਸ਼ੀਨਾ ਸੰਬੰਧੀ ਸ਼ੋ੍ਰਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਵਿਚ ਯੂਥ ਅਕਾਲੀ ਦਲ ਦੇ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿਹਾ ਕਿ ਅਕਾਲੀ ਦਲ ਹੜ੍ਹ ਰਾਹਤ ਮੁਹਿੰਮ, ਜੋ ਪਹਿਲਾਂ ਹੀ ਚੱਲ ਰਹੀ ਹੈ, ਜਿਸ ਤਹਿਤ ਗੁਰਦਾਸਪੁਰ, ਫ਼ਿਰੋਜ਼ਪੁਰ, ਅੰਮਿ੍ਤਸਰ ਅਤੇ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ 500 ਟਰੱਕ ਮੱਕੀ ਦਾ ਅਚਾਰ ਭੇਜਿਆ ਗਿਆ ਹੈ | ਇਸ ਮੁਹਿੰਮ ਤਹਿਤ ਹੁਣ ਆਉਂਦੇ ਦਿਨਾਂ ਵਿਚ ਹੜ੍ਹ ਮਾਰੇ ਇਲਾਕਿਆਂ ਵਿਚ 50 ਹਜ਼ਾਰ ਗ਼ਰੀਬ ਪਰਿਵਾਰਾਂ ਨੂੰ ਕਣਕ ਦੀ ਵੰਡ ਸ਼ੁਰੂ ਕੀਤੀ ਜਾਵੇਗੀ | ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਹਲਕਾ ਇੰਚਾਰਜਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਦੌਰਾਨ ਹੜ੍ਹ ਰਾਹਤ ਵੰਡ ਦੀ ਵਿਆਪਕ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ | ਬਾਦਲ ਨੇ ਕਿਹਾ ਕਿ ਮੱਕੀ ਦੇ ਅਚਾਰ, ਸਰਟੀਫਾਈਡ ਕਣਕ ਦੇ ਬੀਜ ਹੜ੍ਹ ਮਾਰੇ ਕਿਸਾਨਾਂ ਨੂੰ ਵੰਡ ਕੇ ਇਕ ਲੱਖ ਏਕੜ ਜ਼ਮੀਨ ਕਵਰ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪਾਰਟੀ ਨੇ ਹੜ੍ਹ ਮਾਰੇ ਇਲਾਕਿਆਂ ਵਿਚ ਖੇਤਾਂ ਵਿਚੋਂ ਰੇਤਾ ਕੱਢਣ ਵਾਸਤੇ ਟਰੈਕਟਰ ਤੇ ਹੋਰ ਭਾਰੀ ਮਸ਼ੀਨਰੀ ਭੇਜਣ ਦਾ ਵੀ ਫੈਸਲਾ ਕੀਤਾ ਹੈ | ਮੀਟਿੰਗ ਵਿਚ ਬਲਵਿੰਦਰ ਸਿੰਘ ਭੂੰਦੜ, ਬੀਬਾ ਹਰਸਿਮਰਤ ਕੌਰ ਬਾਦਲ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਹੀਰਾ ਸਿੰਘ ਗਾਬੜੀਆ, ਜਨਮੇਜਾ ਸਿੰਘ ਸੇਖੋਂ, ਐਨ.ਕੇ. ਸ਼ਰਮਾ, ਸੁੱਚਾ ਸਿੰਘ ਲੰਗਾਹ, ਸਰਬਜੀਤ ਸਿੰਘ ਝਿੰਜਰ, ਪਰਮਬੰਸ ਸਿੰਘ ਬੰਟੀ ਰੋਮਾਣਾ, ਮਨਤਾਰ ਸਿੰਘ ਬਰਾੜ, ਰਵਿੰਦਰ ਸਿੰਘ ਬ੍ਰਹਮਪੁਰਾ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ |