ਪਠਾਨਕੋਟ/ਮਾਧੋਪੁਰ, 26 ਸਤੰਬਰ (ਵਿਨੋਦ/ਮਹਿਰਾ)-ਮਾਧੋਪੁਰ ਹੈਡ ਵਰਕਸ ਪੁੱਜੇ ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ ਨੇ ਹੈਡਵਰਕਸ 'ਤੇ ਤਾਇਨਾਤ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰਨ ਨੂੰ ਨਾ ਕਾਫ਼ੀ ਦੱਸਦੇ ਹੋਏ ਵੱਡੇ ਅਧਿਕਾਰੀਆਂ 'ਤੇ ਕਾਰਵਾਈ ਕਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀ ਗੇਟਾਂ 'ਤੇ ਤਾਇਨਾਤ ਸਨ, ਉਹ ਛੋਟੇ ਦਰਜੇ ਦੇ ਅਧਿਕਾਰੀ ਸਨ | ਉਨ੍ਹਾਂ ਨੂੰ ਅਗਿਆ ਨਹੀਂ ਸੀ ਗੇਟ ਖੋਲ੍ਹਣ ਦੀ ਅਤੇ ਜਿਨ੍ਹਾਂ ਲੋਕਾਂ ਨੇ ਗੇਟ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ, ਕਾਰਵਾਈ ਉਨ੍ਹਾਂ 'ਤੇ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਨਾਲਾਇਕੀ ਹੈ ਕਿ ਮਾਧੋਪੁਰ ਦੇ ਗੇਟ ਨਾ ਖੁੱਲਣ ਕਾਰਨ ਹੜ੍ਹ ਦੀ ਸਥਿਤੀ ਬਣ ਗਈ ਅਤੇ ਪਠਾਨਕੋਟ ਵਰਗਾ ਸੁਰੱਖਿਅਤ ਜ਼ਿਲ੍ਹਾ ਵੀ ਹੜ੍ਹ ਦੀ ਮਾਰ ਹੇਠ ਆ ਗਿਆ | ਉਨ੍ਹਾਂ ਦੱਸਿਆ ਕਿ ਜੇਕਰ ਇਹ ਗੇਟ ਟਾਈਮ 'ਤੇ ਖੁੱਲ੍ਹ ਜਾਂਦੇ ਤਾਂ ਐਡੀ ਵੱਡੀ ਤਬਾਹੀ ਨਹੀਂ ਸੀ ਹੋਣੀ | ਉਨ੍ਹਾਂ ਦੱਸਿਆ ਕਿ ਰਾਵੀ ਦਰਿਆ 'ਚ ਆਏ ਹੜ੍ਹ ਦੇ ਚਲਦਿਆਂ ਬੀ.ਐਸ.ਐਫ. ਦੀਆਂ ਚੌਕੀਆਂ ਵੀ ਇਸ ਦੀ ਲਪੇਟ ਵਿਚ ਆ ਗਈਆਂ, ਜਿਸ ਕਾਰਨ ਜਿਥੇ ਆਮ ਲੋਕਾਂ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਿਆ, ਉਥੇ ਹੀ ਬੀ.ਐਸ.ਐਫ. ਨੂੰ ਵੀ ਇਸ ਦੀ ਮਾਰ ਝੱਲਣੀ ਪਈ | ਉਨ੍ਹਾਂ ਕਿਹਾ ਕਿ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਅਧਿਕਾਰੀ ਇਸ ਤਰ੍ਹਾਂ ਦਾ ਕੰਮ ਨਾ ਕਰ ਸਕਣ, ਕਿਉਂਕਿ ਇਹ ਲੋਕਾਂ ਦੀ ਜਾਨਾਂ ਨਾਲ ਸੰਬੰਧਿਤ ਅਣਗਹਿਲੀ ਹੋਈ ਹੈ, ਜਸ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਦੱਸਿਆ ਕਿ ਵਿਧਾਇਕ ਅਸ਼ਵਨੀ ਸ਼ਰਮਾ ਵਲੋਂ ਇਸ ਮਾਮਲੇ ਨੂੰ ਪੰਜਾਬ ਵਿਧਾਨ ਸਭਾ ਵਿਚ ਵੀ ਉਠਾਇਆ ਜਾਵੇਗਾ | ਇਸ ਮੌਕੇ ਡਿਪਟੀ ਕਮਿਸ਼ਨਰ ਅਦਿੱਤਿਆ ਉਪਲ, ਐਕਸੀਅਨ ਪ੍ਰਦੀਪ ਕੁਮਾਰ, ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ, ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ, ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ, ਰਾਜ ਕੁਮਾਰ ਗੁਪਤਾ ਤੇ ਹੋਰ ਕਈ ਭਾਜਪਾ ਆਗੂ ਹਾਜ਼ਰ ਸਨ |