ਚੰਡੀਗੜ੍ਹ, 26 ਸਤੰਬਰ (ਸੰਦੀਪ ਕੁਮਾਰ ਮਾਹਨਾ) ਸੀਨੀਅਰ ਆਈ. ਪੀ. ਐਸ. ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਨੂੰ ਪੰਜਾਬ ਕੇਡਰ 'ਚ ਵਾਪਸ ਭੇਜ ਦਿੱਤਾ ਗਿਆ ਹੈ | ਕੇਂਦਰ ਸਰਕਾਰ ਵਲੋਂ 22 ਸਤੰਬਰ ਨੂੰ ਇਸ ਸੰਬੰਧੀ ਅਧਿਕਾਰਕ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ | ਹਰਪ੍ਰੀਤ ਸਿੰਘ ਸਿੱਧੂ 1992 ਬੈਚ ਦੇ ਆਈ.ਪੀ.ਐਸ. ਅਧਿਕਾਰੀ ਹਨ | ਉਹ ਇਸ ਸਮੇਂ ਡੈਪੂਟੇਸ਼ਨ 'ਤੇ ਆਈ. ਟੀ. ਬੀ. ਪੀ. ਦੇ ਐਡੀਸ਼ਨਲ ਡਾਇਰੈਕਟਰ ਜਨਰਲ (ਏ.ਡੀ.ਜੀ.) ਵਜੋਂ ਤਾਇਨਾਤ ਸਨ | ਹਰਪ੍ਰੀਤ ਸਿੰਘ ਸਿੱਧੂ ਪੰਜਾਬ ਪੁਲਿਸ ਦੇ ਮੌਜੂਦਾ ਡੀ.ਜੀ.ਪੀ. ਗੌਰਵ ਯਾਦਵ ਆਈ.ਪੀ.ਐਸ. ਕੈਡਰ ਦੇ ਇੱਕੋ ਬੈਚ ਨਾਲ ਸੰਬੰਧਿਤ ਹਨ | ਗ੍ਰੇਡੇਸ਼ਨ ਸੂਚੀ 'ਚ ਹਰਪ੍ਰੀਤ ਸਿੰਘ ਸਿੱਧੂ ਗੌਰਵ ਯਾਦਵ ਤੋਂ ਸੀਨੀਅਰ ਹਨ | ਸਿੱਧੂ 31 ਮਈ, 2027 ਨੂੰ ਜਦੋਂਕਿ ਯਾਦਵ 30 ਅਪ੍ਰੈਲ, 2029 ਨੂੰ ਸੇਵਾਮੁਕਤ ਹੋਣਗੇ | ਹਰਪ੍ਰੀਤ ਸਿੰਘ ਸਿੱਧੂ ਨੇ ਆਪਣੇ ਕਰੀਅਰ ਦੌਰਾਨ ਪੰਜਾਬ ਪੁਲਿਸ 'ਚ ਕਈ ਅਹਿਮ ਅਹੁਦਿਆਂ 'ਤੇ ਤਾਇਨਾਤ ਰਹਿ ਚੁੱਕੇ ਹਨ | ਉਹ ਪੰਜਾਬ ਪੁਲਿਸ ਵਿਚ ਡੀ.ਆਈ.ਜੀ. ਤੋਂ ਲੈ ਕੇ ਆਈ.ਜੀ. ਅਤੇ ਏ.ਡੀ.ਜੀ.ਪੀ. ਦੇ ਅਹੁਦੇ ਸੰਭਾਲ ਚੁੱਕੇ ਹਨ | ਇਸ ਤੋਂ ਇਲਾਵਾ ਕੇਂਦਰ 'ਚ ਡੈਪੂਟੇਸ਼ਨ ਦੌਰਾਨ ਵੀ ਉਨ੍ਹਾਂ ਨੇ ਨਸ਼ਿਆਂ 'ਤੇ ਕਾਬੂ ਅਤੇ ਕਾਨੂੰਨ-ਵਿਵਸਥਾ ਨਾਲ ਸੰਬੰਧਿਤ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਹਨ |