ਪੱਟੀ, 26 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)-ਅਮਰੀਕਾ ਵਲੋਂ ਡਿਪੋਰਟ ਕੀਤੀ ਗਈ ਹਰਜੀਤ ਕੌਰ ਪੱਟੀ ਦੇ ਨਜ਼ਦੀਕ ਪਿੰਡ ਪਨਗੋਟਾ ਦੇ ਸਵਰਗੀ ਪਟਵਾਰੀ ਦਲੀਪ ਸਿੰਘ ਦੀ ਪੁੱਤਰੀ ਹੈ, ਜੋ ਕਿ ਭਿੱਖੀਵਿੰਡ ਦੇ ਨਜ਼ਦੀਕ ਪਿੰਡ ਮਾੜੀ ਕੰਬੋਕੇ ਦੇ ਵਾਸੀ ਸੁਖਵਿੰਦਰ ਸਿੰਘ ਨਾਲ ਵਿਆਹੀ ਹੋਈ ਸੀ | ਹਰਜੀਤ ਕੌਰ ਦਾ ਸਹੁਰਾ ਪਰਿਵਾਰ ਆਪਣੇ ਜੱਦੀ ਪਿੰਡ ਮਾੜੀ ਕੰਬੋਕੇ ਤੋਂ ਜ਼ਮੀਨ ਵੇਚ ਕੇ ਭਿੱਖੀਵਿੰਡ ਵਿਖੇ ਆ ਵੱਸਿਆ ਸੀ ਅਤੇ 1988 ਦੇ ਕਰੀਬ ਹਰਜੀਤ ਕੌਰ ਦੇ ਪਤੀ ਦੀ ਮੌਤ ਹੋਣ ਤੋਂ ਬਾਅਦ 1990-91 ਦੇ ਕਰੀਬ ਆਪਣੇ ਪੁੱਤਰ ਗੁਰਪਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਸਮੇਤ ਅਮਰੀਕਾ ਜਾ ਵੱਸੀ ਸੀ | ਜਿਥੇ ਹਰਜੀਤ ਕੌਰ ਨੇ ਅਮਰੀਕਾ ਦੀ ਸਿਟੀਜਨ ਲਈ ਤਿੰਨ ਦਹਾਕੇ ਅਦਾਲਤਾਂ ਦਾ ਸਾਹਮਣਾ ਕੀਤਾ ਪਰ ਅਫਸੋਸ਼ ਅਮਰੀਕਾ ਦੀ ਸਰਕਾਰ ਨੇ ਬੁਢਾਪੇ ਵਿਚ ਹਰਜੀਤ ਕੌਰ ਨੂੰ ਆਪਣੇ ਪਰਿਵਾਰ ਤੋਂ ਵੱਖ ਕਰਦਿਆਂ ਹੋਇਆਂ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ | ਜਿਥੇ ਹਰਜੀਤ ਕੌਰ ਪਾਸ ਆਪਣੇ ਰਿਸਤੇਦਾਰਾਂ ਤੋਂ ਬਗੈਰ ਕੋਈ ਰੈਣ ਬਸੇਰਾ ਨਹੀਂ ਹੈ | ਹਰਜੀਤ ਕੌਰ ਨੂੰ ਡਿਪੋਰਟ ਕੀਤੇ ਜਾਣ 'ਤੇ ਜਿਥੇ ਭਾਰਤ ਦੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ, ਓਥੇ ਹੀ ਹਰਜੀਤ ਕੌਰ ਦੇ ਭਰਾ ਕੁਲਵੰਤ ਸਿੰਘ ਨੇ ਅਮਰੀਕਾ ਦੇ ਫੈਸਲੇ ਦੀ ਨਿੰਦਾ ਕੀਤੀ ਹੈ |