ਚੰਡੀਗੜ੍ਹ, 18 ਅਕਤੂਬਰ (ਅਜੀਤ ਬਿਊਰੋ)-ਚੰਡੀਗੜ੍ਹ ਅਤੇ ਪੰਜਾਬ ਵਿਚ ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀ ਪ੍ਰਮੁੱਖ ਸਿੱਖ ਐਜੂਕੇਸ਼ਨਲ ਸੁਸਾਇਟੀ ਦੀ ਅੱਜ ਹੋਈ ਸਰਬਸੰਮਤੀ ਵਾਲੀ ਜਨਰਲ ਹਾਊਸ ਮੀਟਿੰਗ ਦੌਰਾਨ ਸੇਵਾਮੁਕਤ ਆਈ.ਏ.ਐਸ. ਅਧਿਕਾਰੀ ਗੁਰਦੇਵ ਸਿੰਘ ਨੂੰ ਅਗਲੇ ਪੰਜ ਸਾਲਾਂ ਲਈ ਮੁੜ ਪ੍ਰਧਾਨ ਚੁਣ ਲਿਆ ਗਿਆ | ਉਨ੍ਹਾਂ ਦੀ ਅਗਵਾਈ ਹੇਠ ਸੰਸਥਾ 2004 ਤੋਂ ਲਗਾਤਾਰ ਵਿੱਦਿਅਕ, ਧਾਰਮਿਕ, ਸਾਹਿਤਕ, ਸਭਿਆਚਾਰਕ ਅਤੇ ਖੇਡ ਖੇਤਰਾਂ ਵਿਚ ਨਿਰੰਤਰ ਉਤਸ਼ਾਹ ਅਤੇ ਪ੍ਰਗਟ ਯੋਗਦਾਨ ਦੇ ਰਹੀ ਹੈ | ਗੁਰਦੇਵ ਸਿੰਘ ਨੇ ਜਨਰਲ ਹਾਊਸ ਵਲੋਂ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੇਵਾ ਮੁਕਤ ਕਰਨਲ ਜਸਮੇਰ ਸਿੰਘ ਬਾਲਾ ਨੂੰ ਮੁੜ ਸਕੱਤਰ, ਡਾ. ਬਰਿੰਦਰ ਕੌਰ ਨੂੰ ਮੀਤ ਪ੍ਰਧਾਨ ਤੇ ਐਡਵੋਕੇਟ ਕਰਨਦੀਪ ਸਿੰਘ ਚੀਮਾ ਨੂੰ ਮੁੜ ਸੰਯੁਕਤ ਸਕੱਤਰ ਨਿਯੁਕਤ ਕੀਤਾ | ਕਰਨਲ (ਸੇਵਾਮੁਕਤ) ਜਸਮੇਰ ਸਿੰਘ ਬਾਲਾ ਪਿਛਲੇ ਤਿੰਨ ਦਹਾਕਿਆਂ ਤੋਂ ਸੰਸਥਾ ਦੇ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਲਗਾਤਾਰ ਸੇਵਾ ਨਿਭਾਅ ਰਹੇ ਹਨ | ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ, ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ, ਪ੍ਰਸਿੱਧ ਅਰਥਸ਼ਾਸਤਰੀ ਡਾ. ਐਸ.ਐਸ. ਜੌਹਲ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਕਰਨਲ (ਸੇਵਾ ਮੁਕਤ) ਐਸ.ਐਸ. ਮਾਨ, ਡਾ. ਜੀ.ਐਸ. ਢਿੱਲੋਂ, ਡਾ. ਉਜਾਗਰ ਸਿੰਘ ਧਾਲੀਵਾਲ ਤੇ ਡਾ. ਜਸਪਾਲ ਸਿੰਘ ਰੰਧਾਵਾ ਸਮੇਤ ਕਈ ਹੋਰ ਸ਼ਖਸੀਅਤਾਂ ਹਾਜ਼ਰ ਸਨ | ਉਨ੍ਹਾਂ ਆਖਿਆ ਕਿ ਸੰਸਥਾ ਦੇ ਅਧੀਨ ਚੱਲ ਰਹੇ ਵਿੱਦਿਅਕ ਅਦਾਰੇ ਹਰ ਪਾਸੇ ਤਰੱਕੀ ਕਰ ਰਹੇ ਹਨ ਅਤੇ ਇਹ ਸਫਲਤਾ ਗੁਰਦੇਵ ਸਿੰਘ ਦੀ ਅਗਵਾਈ ਅਤੇ ਕਰਨਲ ਜਸਮੇਰ ਸਿੰਘ ਦੀ ਯੋਜਨਾਬੱਧ ਕਾਰਜਸ਼ੈਲੀ ਦੇ ਨਤੀਜੇ ਵਜੋਂ ਦੇਖੀ ਜਾ ਰਹੀ ਹੈ |
ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਮੁੜ ਪ੍ਰਧਾਨ ਬਣੇ ਗੁਰਦੇਵ ਸਿੰਘ, ਕਰਨਲ ਜਸਮੇਰ ਸਿੰਘ ਬਣੇ ਸਕੱਤਰ <br/>
ਅਜੀਤ ਡੈਸਕ
19-10-2025