ਦੂਜਾ ਇਨਾਮ 50,000 ਰੁਪਏ ਤੇ ਤੀਜਾ ਇਨਾਮ 25,000 ਰੁਪਏ ਦਿੱਤਾ ਜਾਵੇਗਾ
ਚੰਡੀਗੜ੍ਹ, 18 ਅਕਤੂਬਰ (ਅਜੀਤ ਬਿਊਰੋ)-ਕਰ ਪਾਲਣਾ 'ਚ ਪਾਰਦਰਸ਼ਤਾ ਅਤੇ ਨਾਗਰਿਕ ਹਿੱਸੇਦਾਰੀ ਨੂੰ ਉਤਸਾਹਿਤ ਕਰਨ ਲਈ ਇਕ ਵੱਡੇ ਯਤਨ ਵਜੋਂ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਥੇ ਸੂਬੇ ਦੀ ਪ੍ਰਸਿੱਧ 'ਬਿੱਲ ਲਿਆਓ ਇਨਾਮ ਪਾਓ' ਸਕੀਮ 'ਚ ਮਹੱਤਵਪੂਰਨ ਵਾਧੇ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਇਸ ਸਕੀਮ 'ਚ ਹੁਣ ਇਕ ਤਿਮਾਹੀ ਬੰਪਰ ਡਰਾਅ ਸ਼ਾਮਿਲ ਹੋਵੇਗਾ, ਜਿਸ 'ਚ ਜਨਤਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਨਕਦ ਇਨਾਮ ਦਿੱਤੇ ਜਾਣਗੇ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਰੇਕ ਤਿਮਾਹੀ ਦੌਰਾਨ ਇਸ ਯੋਜਨਾ 'ਚ ਹਿੱਸਾ ਲੈਣ ਵਾਲਿਆਂ ਨੂੰ 1,00,000 ਰੁਪਏ ਦਾ ਪਹਿਲਾ ਇਨਾਮ, 50,000 ਰੁਪਏ ਦਾ ਦੂਜਾ ਇਨਾਮ ਅਤੇ 25,000 ਰੁਪਏ ਦਾ ਤੀਜਾ ਇਨਾਮ ਜਿੱਤਣ ਦਾ ਮੌਕਾ ਮਿਲੇਗਾ | ਉਨ੍ਹਾਂ ਕਿਹਾ ਕਿ ਕਰ ਪਾਲਣਾ ਨੂੰ ਹੋਰ ਸੁਚਾਰੂ ਬਣਾਉਣ ਲਈ 'ਮੇਰਾ ਬਿੱਲ' ਐਪ ਰਾਹੀਂ ਸੇਵਾ ਖੇਤਰ, ਜਿਵੇਂ ਕਿ ਰੈਸਟੋਰੈਂਟ, ਸੈਲੂਨ ਅਤੇ ਬੁਟੀਕ ਨਾਲ ਸੰਬੰਧਿਤ ਬਿੱਲਾਂ ਲਈ ਇਕ ਸਮਰਪਿਤ ਬਿੱਲ ਅਪਲੋਡ ਕਰਨ ਦੀ ਸਹੂਲਤ ਅਤੇ ਇਨਾਮ ਵੰਡ ਵਿਧੀ ਵੀ ਪੇਸ਼ ਕੀਤੀ ਜਾਵੇਗੀ | 'ਬਿੱਲ ਲਿਆਓ ਇਨਾਮ ਪਾਓ' ਸਕੀਮ ਦੀ ਸਫ਼ਲਤਾ ਨੂੰ ਉਜਾਗਰ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ ਅਪ੍ਰੈਲ ਤੋਂ ਅਗਸਤ 2025 ਤੱਕ ਕੁੱਲ 30,769 ਬਿੱਲ ਅਪਲੋਡ ਕੀਤੇ ਗਏ, ਨਤੀਜੇ ਵਜੋਂ 1,263 ਜੇਤੂਆਂ ਨੇ 78,13,715 ਰੁਪਏ ਇਨਾਮੀ ਰਾਸੀ ਜਿੱਤੀ |
ਪੰਜਾਬ 'ਬਿੱਲ ਲਿਆਓ ਇਨਾਮ ਪਾਓ' ਯੋਜਨਾ ਤਹਿਤ 1 ਲੱਖ ਰੁਪਏ ਦਾ ਤਿਮਾਹੀ ਬੰਪਰ ਇਨਾਮ ਕਰੇਗਾ ਸ਼ੁਰੂ
ਅਜੀਤ ਡੈਸਕ
19-10-2025