ਤਲ ਅਵੀਵ, 19 ਅਕਤੂਬਰ (ਏ. ਪੀ.)-ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਨੇ ਐਤਵਾਰ ਨੂੰ ਗਾਜ਼ਾ 'ਚ ਕਈ ਟਿਕਾਣਿਆਂ 'ਤੇ ਹਵਾਈ ਜਹਾਜ਼ਾਂ ਅਤੇ ਤੋਪਾਂ ਨਾਲ ਹਮਲਾ ਕੀਤਾ | ਇਸ ਤੋਂ ਪਹਿਲਾਂ ਇਜ਼ਰਾਈਲੀ ਫ਼ੌਜ ਨੇ ਕਿਹਾ ਸੀ ਕਿ ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲੀ ਫ਼ੌਜੀਆਂ 'ਤੇ ਗੋਲੀਬਾਰੀ ਕੀਤੀ, ਜੋ ਅਜੇ ਵੀ ਇਜ਼ਰਾਈਲੀ ਨਿਯੰਤਰਣ ਵਾਲੇ ਖੇਤਰ 'ਚ ਮੌਜੂਦ ਸੀ | ਇਹ ਇਕ ਹਫ਼ਤੇ ਪਹਿਲਾਂ ਹੋਏ ਜੰਗਬੰਦੀ ਦਾ ਪਹਿਲਾ ਵੱਡਾ ਪ੍ਰੀਖਣ ਸੀ | ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਜ਼ਰਾਈਲ ਦੇ ਸੁਰੱਖਿਆ ਮੁਖੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਫ਼ੌਜ ਨੂੰ ਕਿਸੇ ਵੀ ਜੰਗਬੰਦੀ ਉਲੰਘਣ ਦੇ ਵਿਰੁੱਧ 'ਸਖ਼ਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ, ਪ੍ਰੰਤੂ ਜੰਗ ਦੀ ਤਰਫ ਮੁੜਨ ਦੀ ਧਮਕੀ ਨਹੀਂ ਦਿੱਤੀ | ਹਮਾਸ ਨੇ ਕਿਹਾ ਕਿ ਦੱਖਣੀ ਗਾਜ਼ਾ ਦੇ ਰਾਫਾ 'ਚ ਹੋਈ ਕਿਸੇ ਵੀ ਝੜਪ ਨਾਲ ਉਸਦਾ ਕੋਈ ਸਬੰਧ ਨਹੀਂ ਹੈ | ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਇਜ਼ਰਾਈਲ ਨੇ ਹਮਾਸ ਵਲੋਂ ਰਾਤ ਭਰ ਰਿਹਾਅ ਕੀਤੇ ਗਏ ਬੰਧਕਾਂ ਦੇ ਅਵਸ਼ੇਸ਼ਾਂ ਦੀ ਪਹਿਚਾਣ ਕੀਤੀ ਅਤੇ ਫਿਲਸਤੀਨੀ ਸਮੂਹ ਨੇ ਕਿਹਾ ਕਿ ਜੰਗਬੰਦੀ ਗੱਲਬਾਤ ਦੇ ਦੂਸਰੇ ਪੜਾਅ ਨੂੰ ਸ਼ੁਰੂ ਕਰਨ ਦੇ ਲਈ ਗੱਲਬਾਤ ਸ਼ੁਰੂ ਹੋ ਗਈ ਹੈ |