06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸਰਹੱਦ ਪਾਰ ਤੋਂ ਡਰੋਨ ਰਾਹੀਂ ਪੁੱਜੀ ਹਥਿਆਰਾਂ ਦੀ ਵੱਡੀ ਖੇਪ ਬਰਾਮਦ 15 ਆਧੁਨਿਕ ਵਿਦੇਸ਼ੀ ਪਿਸਤੌਲ ਬਰਾਮਦ ਨਾਬਾਲਗ ਸਮੇਤ 7 ਤਸਕਰ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 01-11-2025
ਅੰਮਿ੍ਤਸਰ, 31 ਅਕਤੂਬਰ (ਰੇਸ਼ਮ ਸਿੰਘ)-ਇਕ ਵੱਡੀ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਵਲੋਂ ਪਾਕਿਸਤਾਨ-ਅਧਾਰਿਤ ਤਸਕਰਾਂ ਨਾਲ ਜੁੜੇ ਇਕ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਇਕ ਨਾਬਾਲਗ ਸਮੇਤ 7 ਕਾਰਕੁੰਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜੋ ਕੌਮਾਂਤਰੀ ਹਥਿਆਰ ਤਸਕਰੀ 'ਚ ਸ਼ਾਮਿਲ ਹਨ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 15 ਅਤਿ-ਆਧੁਨਿਕ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਹਨ | ਇਹ ਪ੍ਰਗਟਾਵਾ ਇਥੇ ਪੁਲਿਸ ਲਾਈਨ ਵਿਖੇ ਕਰਵਾਏ ਗਏ ਪੱਤਰਕਾਰ ਸੰਮੇਲਨ 'ਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਰਦਿਆਂ ਦਸਿਆ ਕਿ ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਸ਼ਮਸ਼ੇਰ ਸਿੰਘ ਉਰਫ਼ ਸੇਮਾ (30) ਅਤੇ ਅਮਨਦੀਪ ਸਿੰਘ ਉਰਫ਼ ਬੌਬੀ (23) ਦੋਵੇਂ ਵਾਸੀਆਂ ਫਕੀਰ ਸਿੰਘ ਕਾਲੋਨੀ, ਬਲਵਿੰਦਰ ਸਿੰਘ ਉਰਫ਼ ਕਾਕਾ (26), ਗੁਰਦੇਵ ਸਿੰਘ (40), ਕਰਨਪ੍ਰੀਤ ਸਿੰਘ (19) ਅਤੇ ਹਰਮਨ ਸਿੰਘ (19) ਸਾਰੇ ਵਾਸੀ ਪਿੰਡ ਕੱਕੜ ਜ਼ਿਲ੍ਹਾ ਅੰਮਿ੍ਤਸਰ ਸਮੇਤ ਇਕ 17 ਸਾਲਾ ਨਾਬਾਲਗ ਲੜਕੇ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਨ੍ਹਾਂ ਪਾਸੋਂ ਬਰਾਮਦ ਕੀਤੇ ਗਏ ਹਥਿਆਰਾਂ ਵਿਚ 9 ਐਮ.ਐਮ. ਗਲੋਕ ਪਿਸਤੌਲ ਅਤੇ ਛੇ .30 ਬੋਰ ਪਿਸਤੌਲ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਇਕ ਪਾਕਿਸਤਾਨੀ ਹੈਂਡਲਰ ਦੇ ਸੰਪਰਕ ਵਿਚ ਸਨ, ਜੋ ਰਾਜ ਭਰ ਵਿਚ ਗ਼ੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਨ ਅਤੇ ਸਪਲਾਈ ਕਰਨ ਵਿਚ ਸਰਗਰਮੀ ਨਾਲ ਸ਼ਾਮਿਲ ਸਨ | ਪੁਲਿਸ ਕਮਿਸ਼ਨਰ ਭੁੱਲਰ ਨੇ ਦਸਿਆ ਕਿ ਇਕ ਨਾਬਾਲਗ ਜੋ ਪਾਕਿਸਤਾਨ-ਅਧਾਰਿਤ ਹੈਂਡਲਰਾਂ ਦੇ ਸੰਪਰਕ ਵਿਚ ਸੀ ਅਤੇ ਆਪਣੇ ਪਿੰਡ ਦੇ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਹੋਣ ਕਾਰਨ ਖੇਪ ਚੁੱਕ ਰਿਹਾ ਸੀ, ਨੂੰ ਪਹਿਲਾਂ 2 ਪਿਸਤੌਲਾਂ ਨਾਲ ਗਿ੍ਫ਼ਤਾਰ ਕੀਤਾ ਗਿਆ ਸੀ | ਇਸੇ ਨਾਬਾਲਗ ਦੀ ਪੁੱਛਗਿੱਛ ਦੇ ਆਧਾਰ 'ਤੇ ਸ਼ਮਸ਼ੇਰ ਸਿੰਘ ਅਤੇ ਅਮਨਦੀਪ ਸਿੰਘ ਨੂੰ ਇਕ ਗਲਾਕ ਸਮੇਤ ਤਿੰਨ ਪਿਸਤੌਲਾਂ ਨਾਲ ਗਿ੍ਫ਼ਤਾਰ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਇਹ ਦੋਵੇਂ ਨਾਬਾਲਗ ਨੂੰ ਹਥਿਆਰ ਪਹੁੰਚਾਉਣ ਵਿਚ ਸਹਾਇਤਾ ਕਰ ਰਹੇ ਸਨ | ਤਕਨੀਕੀ ਅਤੇ ਫੋਰੈਂਸਿਕ ਲੀਡਾਂ ਤੋਂ ਬਾਅਦ ਦੋਸ਼ੀ ਬਲਵਿੰਦਰ ਸਿੰਘ ਨੂੰ ਦੋ ਗਲੌਕ ਪਿਸਤੌਲਾਂ ਅਤੇ ਇਕ .30 ਬੋਰ ਪਿਸਤੌਲ ਨਾਲ ਗਿ੍ਫ਼ਤਾਰ ਕੀਤਾ ਗਿਆ ਸੀ | ਨਾਬਾਲਗ ਦੇ ਮੋਬਾਈਲ ਫੋਨ ਦੇ ਤਕਨੀਕੀ ਵਿਸ਼ਲੇਸ਼ਣ ਦੌਰਾਨ ਗੁਰਦੇਵ ਸਿੰਘ ਦੀ ਭੂਮਿਕਾ ਵੀ ਸਾਹਮਣੇ ਆਈ ਹੈ | ਦੋਵੇਂ ਇਕ-ਦੂਜੇ ਦੇ ਸੰਪਰਕ ਵਿਚ ਸਨ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਇਕ ਪਾਕਿਸਤਾਨ-ਅਧਾਰਤ ਹੈਂਡਲਰ ਨਾਲ ਜੁੜੇ ਹੋਏ ਸਨ | ਇਸ ਗਰੋਹ ਦੇ ਮੁੱਖ ਸੰਚਾਲਕ ਗੁਰਦੇਵ ਸਿੰਘ ਨੂੰ ਕਰਨਪ੍ਰੀਤ ਸਿੰਘ ਅਤੇ ਹਰਮਨ ਸਿੰਘ ਦੇ ਨਾਲ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਗੁਰਦੇਵ ਦੇ ਕਬਜ਼ੇ 'ਚੋਂ ਕੁੱਲ 6 ਗਲੌਕ ਪਿਸਤੌਲ ਅਤੇ ਇਕ .30 ਬੋਰ ਪਿਸਤੌਲ ਬਰਾਮਦ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਗਿ੍ਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ, ਕਿਉਂਕਿ ਹੋਰ ਜਾਂਚ ਕੀਤੀ ਜਾ ਰਹੀ ਹੈ | ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ, ਏ.ਡੀ.ਸੀ.ਪੀ. ਜੇ.ਐੱਸ. ਸਿੱਧੂ ਤੇ ਇੰਸਪੈਕਟਰ ਅਮੋਲਕਦੀਪ ਸਿੰਘ ਇੰਚਾਰਜ਼ ਸੀ.ਆਈ.ਏ. ਸਟਾਫ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਸ.ਐਚ.ਓ. ਲਈ 5 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਇਕ ਵਿਅਕਤੀ ਵਿਜੀਲੈਂਸ ਬਿਊਰੋ ਵਲੋਂ ਕਾਬੂ <br/> ਅਗਲੀ ਖ਼ਬਰ ਪਿੰਡ ਸਹਿਮ ਦੇ ਨੌਜਵਾਨ ਦੀ ਇਟਲੀ 'ਚ ਸੜਕ ਹਾਦਸੇ ਦੌਰਾਨ ਮੌਤ
Ad Position 24
No active advertisement