ਛੇਹਰਟਾ (ਅੰਮਿ੍ਤਸਰ), 31 ਅਕਤੂਬਰ (ਪੱਤਰ ਪ੍ਰੇਰਕ)-ਪੰਜਾਬ ਵਿਜੀਲੈਂਸ ਬਿਊਰੋ ਨੇ ਅੰਮਿ੍ਤਸਰ ਜ਼ਿਲ੍ਹੇ ਦੇ ਛੇਹਰਟਾ ਦੇ ਰਹਿਣ ਵਾਲੇ ਲਲਿਤ ਅਰੋੜਾ ਨਾਂਅ ਦੇ ਇਕ ਵਿਅਕਤੀ ਨੂੰ ਛੇਹਰਟਾ ਥਾਣੇ ਦੇ ਐਸ.ਐਚ.ਓ. ਲਈ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਹੈ | ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਇਹ ਗਿ੍ਫ਼ਤਾਰੀ ਛੇਹਰਟਾ ਵਾਸੀ ਇਕ ਵਿਅਕਤੀ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਹੋਈ ਹੈ, ਜਿਸ ਨੇ ਰਿਪੋਰਟ ਦਿੱਤੀ ਸੀ ਕਿ ਐਸ.ਐਚ.ਓ. ਅਤੇ ਉਸ ਦੀ ਟੀਮ ਉਸ ਦੇ ਘਰ ਗਈ ਸੀ, ਜਿਸ ਵਿਚ ਉਸ 'ਤੇ ਅਤੇ ਉਸ ਦੇ ਚਚੇਰੇ ਭਰਾ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਿਲ ਹੋਣ ਦਾ ਦੋਸ਼ ਲਗਾਇਆ ਗਿਆ ਸੀ | ਪੁਲਿਸ ਨੇ ਕਥਿਤ ਤੌਰ 'ਤੇ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਦੋਵਾਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਸ਼ਿਕਾਇਤਕਰਤਾ ਦੀ ਇਕ ਕਾਰ ਜ਼ਬਤ ਕਰਨ ਦਾ ਦਾਅਵਾ ਕੀਤਾ ਗਿਆ ਸੀ, ਜਿਸ ਵਿਚ ਕਥਿਤ ਤੌਰ 'ਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ | ਸ਼ਿਕਾਇਤਕਰਤਾ ਨੇ ਬਾਅਦ ਵਿਚ ਮਾਮਲੇ ਨੂੰ ਸੁਲਝਾਉਣ ਵਿਚ ਮਦਦ ਕਰਨ ਲਈ ਐਸ.ਐਚ.ਓ. ਦੇ ਜਾਣਕਾਰ ਲਲਿਤ ਅਰੋੜਾ ਨਾਲ ਸੰਪਰਕ ਕੀਤਾ | ਅਰੋੜਾ ਨੇ ਕਥਿਤ ਤੌਰ 'ਤੇ ਐਸ.ਐਚ.ਓ. ਵਲੋਂ ਨਸ਼ੀਲੇ ਪਦਾਰਥਾਂ ਦਾ ਕੇਸ ਦਰਜ ਨਾ ਕਰਨ ਦੇ ਬਦਲੇ 25 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ | ਸ਼ਿਕਾਇਤਕਰਤਾ ਨੇ ਤੁਰੰਤ ਪੂਰੀ ਰਕਮ ਦੇਣ ਵਿਚ ਅਸਮਰੱਥਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਉਹ ਸਿਰਫ਼ 5 ਲੱਖ ਰੁਪਏ ਦਾ ਪ੍ਰਬੰਧ ਕਰ ਸਕਦਾ ਹੈ, ਜਿਸ ਨੂੰ ਅਰੋੜਾ ਨੇ ਪਹਿਲੀ ਕਿਸ਼ਤ ਦੇ ਭੁਗਤਾਨ ਵਜੋਂ ਦੇਣ ਲਈ ਸਹਿਮਤੀ ਦੇ ਦਿੱਤੀ | ਉਕਤ ਦੋਸ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਅੰਮਿ੍ਤਸਰ ਰੇਂਜ ਦੀ ਇਕ ਵਿਜੀਲੈਂਸ ਬਿਊਰੋ ਟੀਮ ਨੇ ਜਾਲ ਵਿਛਾ ਕੇ ਉਕਤ ਅਰੋੜਾ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਸ਼ਿਕਾਇਤਕਰਤਾ ਤੋਂ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ | ਇਸ ਸੰਬੰਧੀ ਜਦ ਪੁਲਿਸ ਥਾਣਾ ਛੇਹਰਟਾ ਦੇ ਮੁੱਖ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਆਪਣਾ ਫੋਨ ਬੰਦ ਕੀਤਾ ਹੋਇਆ ਸੀ ਤੇ ਉਹ ਪੁਲਿਸ ਥਾਣਾ ਛੇਹਰਟਾ ਵਿਖੇ ਮੌਜੂਦ ਨਹੀਂ ਸਨ |