ਜਲੰਧਰ, 31 ਅਕਤੂਬਰ (ਜਸਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਲੰਧਰ 'ਚ ਬੀਤੇ ਕੱਲ੍ਹ (ਵੀਰਵਾਰ) ਦਿਨ ਦਿਹਾੜੇ ਇਕ ਸੁੁੁਨਿਆਰੇ ਦੀ ਦੁਕਾਨ 'ਚ ਹਥਿਆਰਾਂ ਦੇ ਬਲ 'ਤੇ ਹੋਈ ਲੁੱਟ ਦੇ ਮਾਮਲੇ 'ਚ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕਰਨ ਅਤੇ ਲੁੱਟ ਦਾ ਸਾਮਾਨ ਪੀੜਤਾਂ ਦੇ ਹਵਾਲੇ ਕਰਨ ਦੀ ਮੰਗ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋ ਦਿਨਾਂ ਅੰਦਰ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਵਲੋਂ ਜਲੰਧਰ ਦੇ ਪ੍ਰਮੁੱਖ ਪੀ. ਏ. ਪੀ. ਚੌਕ 'ਚ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ ਜਾਵੇਗੀ | ਇਹ ਐਲਾਨ ਉਨ੍ਹਾਂ ਅੱਜ ਸਥਾਨਕ ਭਾਰਗੋ ਕੈਂਪ ਵਿਖੇ ਉਕਤ ਸੁਨਿਆਰੇ ਦੀ ਦੁਕਾਨ 'ਤੇ ਜਾ ਕੇ ਪੀੜਤ ਪਰਿਵਾਰ ਨਾਲ ਗੱਲਬਾਤ ਕਰਕੇ ਘਟਨਾ ਦੀ ਜਾਣਕਾਰੀ ਹਾਸਲ ਕਰਕੇ ਕੀਤਾ | ਉਨ੍ਹਾਂ ਕਿਹਾ ਕਿ ਸਮੁੱਚੀ ਕਾਂਗਰਸ ਪਾਰਟੀ ਪੀੜਤ ਨਾਲ ਡੱਟ ਕੇ ਖੜ੍ਹੀ ਹੈ ਤੇ ਉਨ੍ਹਾਂ ਨੂੰ ਹਰ ਹਾਲ 'ਚ ਇਨਸਾਫ ਦਿਵਾਇਆ ਜਾਵੇਗਾ | ਇਸ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ 'ਚ ਪੂਰੀ ਤਰ੍ਹਾਂ ਨਾਲ ਨਾਕਾਮ ਸਾਬਤ ਹੋਈ ਹੈ ਤੇ ਗੈਂਗਸਟਰ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਅਜੇ ਪਿਛਲੇ ਦਿਨੀਂ ਮਾਨਸਾ 'ਚ ਇਕ ਦੁਕਾਨਦਾਰ 'ਤੇ ਗੋਲੀਆਂ ਚਲਾਈਆਂ ਗਈਆਂ ਤੇ ਵੀਰਵਾਰ ਨੂੰ ਜਲੰਧਰ 'ਚ ਲੁੱਟ ਦੀ ਵੱਡੀ ਵਾਰਦਾਤ ਹੋਈ, ਜਦਕਿ ਅੱਜ ਸ਼ੱੁਕਰਵਾਰ ਨੂੰ ਜਗਰਾਉਂ 'ਚ ਇਕ ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਬੇਰੀ, ਹਲਕਾ ਜਲੰਧਰ ਪੱਛਮੀਂ ਦੀ ਇੰਚਾਰਜ ਸੁਰਿੰਦਰ ਕੌਰ, ਸੀਨੀਅਰ ਕਾਂਗਰਸੀ ਆਗੂ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ, ਅਸ਼ਵਨ ਭੱਲਾ, ਵਿਕਾਸ ਸੰਗਰ ਤੇ ਹੋਰ ਆਗੂ ਵੀ ਮੌਜੂਦ ਸਨ |