06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਬਿਹਾਰ ਚੋਣਾਂ 'ਚ ਇਸ ਵਾਰ ਡਬਲ ਇੰਜਣ ਦੀ ਸਰਕਾਰ ਦਾ ਜਾਣਾ ਤੈਅ-ਗੌਤਮ ਸੇਠ <br/>

Ad Position 21
No active advertisement
ਅਜੀਤ ਡੈਸਕ 01-11-2025
ਜਲੰਧਰ, 31 ਅਕਤੂਬਰ (ਜਸਪਾਲ ਸਿੰਘ)-ਕਾਂਗਰਸ ਦੇ ਕੌਮੀ ਬੁਲਾਰੇ ਗੌਤਮ ਸੇਠ ਨੇ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਵਿਚ 'ਇੰਡੀਆ' ਗੱਠਜੋੜ ਦੀ ਵੱਡੀ ਜਿੱਤ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਸੂਬੇ 'ਚ ਇਸ ਵਾਰ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਡਬਲ ਇੰਜਣ ਦੀ ਸਰਕਾਰ ਦਾ ਜਾਣਾ ਤੈਅ ਹੈ ਅਤੇ ਅਗਲੀ ਸਰਕਾਰ ਤੇਜਸਵੀ ਯਾਦਵ ਦੀ ਅਗਵਾਈ ਹੇਠ 'ਇੰਡੀਆ' ਗੱਠਜੋੜ ਦੀ ਬਣੇਗੀ | ਉਨ੍ਹਾਂ ਇਥੇ 'ਅਜੀਤ' ਭਵਨ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕਿਹਾ ਕਿ ਬਿਹਾਰ 'ਚ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ 'ਐਨ. ਡੀ. ਏ.' ਵਿਚਲੀ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲ ਮਿਲ ਕੇ ਅਣ-ਐਲਾਨੀ ਐਮਰਜੈਂਸੀ ਲਗਾ ਰੱਖੀ ਹੈ, ਉਸ ਨੇ ਸੂਬੇ ਦਾ ਹਰ ਤਰ੍ਹਾਂ ਨਾਲ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ | ਲੋਕ ਅਨੇਕਾਂ ਮੁਸ਼ਿਕਲਾਂ 'ਚ ਘਿਰੇ ਹੋਏ ਹਨ ਅਤੇ ਉਹ ਤਰਾਹੀ-ਤਰਾਹੀ ਕਰ ਰਹੇ ਹਨ | ਅੱਜ ਬਿਹਾਰ ਹਰ ਪੱਖ ਤੋਂ ਪੱਛੜ ਗਿਆ ਹੈ ਅਤੇ ਖਾਸ ਕਰਕੇ ਆਰਥਿਕ ਪੱਖ ਤੋਂ ਸੂਬੇ ਸਿਰ ਕਰਜ਼ੇ ਦੀ ਪੰਡ ਦਿਨੋ-ਦਿਨ ਭਾਰੀ ਹੁੰਦੀ ਜਾ ਰਹੀ ਹੈ ਅਤੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਲਗਾਤਾਰ ਵਧ ਰਹੀਆਂ ਹਨ | ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਬਿਹਾਰ 'ਚ ਬੇਰੁਜ਼ਗਾਰੀ ਵਧੀ ਹੈ, ਉਸ ਨੇ ਨੌਜਵਾਨਾਂ ਅੰਦਰ ਵੱਡੀ ਪੱਧਰ 'ਤੇ ਨਿਰਾਸ਼ਾ ਪੈਦਾ ਕੀਤਾ ਹੈ | ਇਸ ਦੇ ਨਾਲ ਹੀ ਸੂਬੇ 'ਚ ਅਪਰਾਧਿਕ ਵਾਰਦਾਤਾਂ ਇਸ ਕਦਰ ਵਧੀਆਂ ਹਨ ਕਿ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਹੈ | ਅਜਿਹੇ ਹਾਲਾਤ 'ਚ ਰਾਜ ਦੇ ਲੋਕਾਂ ਦਾ ਐਨ. ਡੀ. ਏ. ਸਰਕਾਰ ਤੋਂ ਭਰੋਸਾ ਪੂਰੀ ਤਰ੍ਹਾਂ ਨਾਲ ਉੱਠ ਚੁੱਕਾ ਹੈ ਅਤੇ ਉਨ੍ਹਾਂ ਇਸ ਡਬਲ ਇੰਜਣ ਦੀ ਸਰਕਾਰ ਨੂੰ ਚੱਲਦਾ ਕਰਨ ਦਾ ਮਨ ਬਣਾਇਆ ਹੈ | ਗੌਤਮ ਸੇਠ ਨੇ ਕਿਹਾ ਕਿ ਇਕ ਪਾਸੇ ਝੂਠੇ ਸਬਜ਼ਬਾਗ ਦਿਖਾਉਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਤਿਸ਼ ਕੁਮਾਰ ਦੀ ਜੋੜੀ ਹੈ, ਜਦਕਿ ਦੂਜੇ ਪਾਸੇ ਮੁੱਦਿਆਂ ਦੀ ਅਤੇ ਉਸਾਰੂ ਰਾਜਨੀਤੀ ਕਰਨ ਵਾਲੇ 'ਇੰਡੀਆ' ਗੱਠਜੋੜ ਦੇ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਦਾ ਚਿਹਰਾ ਤੇਜਸਵੀ ਯਾਦਵ ਹਨ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਬਿਹਾਰ ਦੀ ਜਨਤਾ ਇਸ ਵਾਰ 'ਇੰਡੀਆ' ਗੱਠਜੋੜ ਦੇ ਹੱਕ 'ਚ ਫੱਤਵਾ ਦੇਵੇਗੀ | ਇਸ ਮੌਕੇ ਪੰਜਾਬ ਦੀ ਰਾਜਨੀਤੀ ਅਤੇ ਖਾਸ ਕਰਕੇ ਤਰਨ ਤਾਰਨ ਹਲਕੇ ਦੀ ਜ਼ਿਮਨੀ ਚੋਣ ਬਾਰੇ ਗੱਲ ਕਰਦਿਆਂ ਕਿਹਾ ਕਿ ਹਲਕੇ 'ਚ ਪਾਰਟੀ ਉਮੀਦਵਾਰ ਦੇ ਹੱਕ 'ਚ ਲੋਕ ਲਹਿਰ ਬਣੀ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ ਸੀਟ ਤੋਂ ਕਾਂਗਰਸ ਵੱਡੇ ਫਰਕ ਨਾਲ ਜਿੱਤ ਹਾਸਿਲ ਕਰੇਗੀ | ਇਸ ਮੌਕੇ ਉਨ੍ਹਾਂ ਸੂਬਾ ਕਾਂਗਰਸ 'ਚ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਾਂਗਰਸ ਇਕ ਲੋਕਤੰਤਰੀ ਪਾਰਟੀ ਹੈ ਅਤੇ ਇਥੇ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ ਹੈ | ਮਹਾਰਾਸ਼ਟਰ ਤੇ ਕੇਰਲ ਦੇ ਮੀਡੀਆ ਇੰਚਾਰਜ ਦੀ ਵੀ ਜ਼ਿੰਮੇਵਾਰੀ ਨਿਭਾਅ ਰਹੇ ਗੌਤਮ ਸੇਠ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਰਗਰਮ ਸਿਆਸਤ 'ਚ ਵਾਪਸੀ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਸੰਬੰਧੀ ਫੈਸਲਾ ਹਾਈਕਮਾਨ ਨੇ ਲੈਣਾ ਹੈ ਪਰ ਸ. ਸਿੱਧੂ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਜੁੜੇ ਰਹੇ ਹਨ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਫਿਰ ਤੋਂ ਸੂਬੇ ਦੀ ਸਿਆਸਤ ਨੂੰ ਨਵੀਂ ਸੇਧ ਦੇਣ ਦੇ ਸਮਰੱਥ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਬਾਬਾ ਗੁਰਦਿੱਤਾ ਪਬਲਿਕ ਸਕੂਲ ਦੀਆਂ ਸਾਲਾਨਾ ਖੇਡਾਂ ਕਰਵਾਈਆਂ <br/> ਅਗਲੀ ਖ਼ਬਰ ਆਰ.ਟੀ.ਆਈ. ਕਾਰਕੁੰਨ ਦੇ ਚਾਚੇ ਦੀ ਦੁਕਾਨ 'ਤੇ ਗੋਲੀਆਂ ਚਲਾਉਣ ਵਾਲੇ ਦੋਵੇਂ ਸ਼ੂਟਰ ਕਾਬੂ ਹਥਿਆਰ ਬਰਾਮਦਗੀ ਸਮੇਂ ਪੁਲਿਸ...
Ad Position 24
No active advertisement