ਬਠਿੰਡਾ, 1 ਨਵੰਬਰ (ਪੱਤਰ ਪ੍ਰੇਰਕ)-ਪੰਜਾਬ ਦਾ ਦੀਵਾਲੀ ਬੰਪਰ 11 ਕਰੋੜ ਰੁਪਏ ਦਾ ਪਹਿਲਾ ਇਨਾਮ ਬਠਿੰਡਾ 'ਚ ਨਿਕਲਿਆ ਹੈ | ਇਹ ਦੀਵਾਲੀ ਜੈਕਪਾਟ ਦੀ ਟਿਕਟ ਬਠਿੰਡਾ 'ਚ ਰਤਨ ਲਾਟਰੀ ਏਜੰਸੀ ਵਲੋਂ ਵੇਚੀ ਗਈ ਸੀ | ਭਾਵੇਂ ਕਿ ਇਨਾਮ ਜੇਤੂ ਕੋਈ ਵੀ ਵਿਅਕਤੀ ਲਾਟਰੀ ਦੀ ਟਿਕਟ ਲੈ ਕੇ ਇਨਾਮ ਪ੍ਰਾਪਤ ਕਰਨ ਲਈ ਅਜੇ ਤੱਕ ਨਹੀਂ ਪਹੁੰਚਿਆ ਪਰ ਲਾਟਰੀ ਏਜੰਸੀ ਦੇ ਮਾਲਕਾ 'ਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ | ਏਜੰਸੀ ਦੇ ਮਾਲਕ ਦੁਆਰਾ ਆਪਣੇ ਦਫ਼ਤਰ ਨੂੰ ਗ਼ੁਬਾਰਿਆਂ ਅਤੇ ਫੁੱਲਾਂ ਨਾਲ ਸ਼ਿੰਗਾਰਿਆ ਗਿਆ ਹੈ, ਜਿੱਥੇ ਉਨ੍ਹਾਂ ਵਲੋਂ ਖ਼ੁਸ਼ੀ ਵਿਚ ਲੱਡੂ ਵੰਡ ਕੇ ਲੋਕਾਂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ, ਉੱਥੇ ਹੀ ਏਜੰਸੀ ਦੇ ਦਫ਼ਤਰ ਦੇ ਬਾਹਰ ਢੋਲ ਵਜਾ ਕੇ ਨੱਚ ਕੇ ਖੁਸ਼ੀ ਮਨਾਈ ਜਾ ਰਹੀ ਹੈ | ਇਸ ਮੌਕੇ ਰਤਨ ਲਾਟਰੀ ਏਜੰਸੀ ਦੇ ਮਾਲਕ ਉਮੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੁਆਰਾ ਲਾਟਰੀ ਦੀ ਸਟਾਲ ਲਗਾਉਂਦਿਆਂ ਤਕਰੀਬਨ 40 ਸਾਲ ਹੋ ਗਏ ਹਨ | ਉਨ੍ਹਾਂ ਦੀ ਸਟਾਲ ਤੋਂ ਲਾਟਰੀ ਦੀ ਖ਼ਰੀਦ ਕਰਕੇ 42 ਦੇ ਕਰੀਬ ਬੰਦੇ ਕਰੋੜਪਤੀ ਬਣ ਚੁੱਕੇ ਹਨ | ਇਹ 11 ਕਰੋੜ ਦਾ ਦੀਵਾਲੀ ਬੰਪਰ 43ਵਾਂ ਇਨਾਮ ਹੈ, ਜੋ ਕਿ ਬਠਿੰਡਾ 'ਚ ਨਿਕਲਿਆ ਹੈ | ਉਨ੍ਹਾਂ ਕਿਹਾ ਕਿ ਲਾਟਰੀ ਦਾ ਵਿਜੇਤਾ ਵਿਅਕਤੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ |