• ਭਲਕੇ ਰਵਾਨਾ ਹੋਵੇਗਾ ਜਥਾ- ਅਰੋੜਾ • ਸੁਰੱਖਿਆ ਲਈ 5000 ਕਰਮਚਾਰੀ ਰਹਿਣਗੇ ਤਾਇਨਾਤ-ਨਾਸਿਰ ਮੁਸ਼ਤਾਕ
ਅੰਮਿ੍ਤਸਰ, 2 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ 'ਤੇ ਮਨਾਏ ਜਾ ਰਹੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ 'ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਪਹੁੰਚ ਰਹੀ ਸੰਗਤ ਦੀ ਅਸਥਾਈ ਰਿਹਾਇਸ਼ ਅਤੇ ਹੋਰ ਪ੍ਰਬੰਧ ਲਗਭਗ ਮੁਕੰਮਲ ਕਰ ਲਏ ਗਏ ਹਨ | ਈ.ਟੀ.ਪੀ.ਬੀ. ਦੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ ਨੇ 'ਅਜੀਤ' ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਯਾਤਰੂਆਂ ਨੂੰ ਰਿਹਾਇਸ਼ ਦੌਰਾਨ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ 5,000 ਤੋਂ ਵੱਧ ਅਧਿਕਾਰੀ ਅਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ | ਨਿਗਰਾਨੀ ਲਈ ਸੀ.ਸੀ.ਟੀ.ਵੀ. ਅਤੇ ਤਿੰਨ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ | ਲਹਿੰਦੇ ਪੰਜਾਬ ਦੇ ਘੱਟ-ਗਿਣਤੀ ਮਾਮਲਿਆਂ ਬਾਰੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਨਾਲ ਪੰਜਾਬ ਦੇ ਗ੍ਰਹਿ ਸਕੱਤਰ ਡਾ: ਅਹਿਮਦ ਜਾਵੇਦ ਕਾਜ਼ੀ, ਕਮਿਸ਼ਨਰ ਲਾਹੌਰ ਡਿਵੀਜ਼ਨ ਮਰੀਅਮ ਖਾਨ, ਆਰ. ਪੀ. ਓ. ਸ਼ੇਖੂਪੁਰਾ ਅਤਹਰ ਇਸਮਾਈਲ, ਕਾਨੂੰਨ ਅਤੇ ਵਿਵਸਥਾ ਬਾਰੇ ਕੈਬਨਿਟ ਕਮੇਟੀ ਦੇ ਚੇਅਰਮੈਨ ਖ਼ਵਾਜਾ ਸਲਮਾਨ ਰਫ਼ੀਕ, ਡਿਪਟੀ ਕਮਿਸ਼ਨਰ ਨਨਕਾਣਾ ਸਾਹਿਬ ਮੁਹੰਮਦ ਤਸਲੀਮ ਅਖ਼ਤਰ ਰਾਓ ਅਤੇ ਡੀ. ਪੀ. ਓ. ਫਰਾਜ਼ ਅਹਿਮਦ ਆਦਿ ਨੇ ਕੀਤੀ ਬੈਠਕ 'ਚ ਪ੍ਰਕਾਸ਼ ਪੁਰਬ ਸਮਾਗਮਾਂ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ 'ਚ 4 ਤੋਂ 6 ਨਵੰਬਰ ਤੱਕ ਸਾਰੇ ਵਿੱਦਿਅਕ ਅਦਾਰੇ ਬੰਦ ਰਹਿਣਗੇ | ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਭਾਰਤੀ ਜਥੇ ਨੂੰ ਵਿਸ਼ੇਸ਼ ਬੱਸਾਂ ਰਾਹੀਂ 4 ਨਵੰਬਰ ਨੂੰ ਵਾਹਗਾ ਸਰਹੱਦ ਤੋਂ ਭਾਰੀ ਸੁਰੱਖਿਆ ਹੇਠ ਸ੍ਰੀ ਨਨਕਾਣਾ ਸਾਹਿਬ ਪਹੁੰਚਾਇਆ ਜਾਵੇਗਾ | ਮੁੱਖ ਸਮਾਗਮ 5 ਨਵੰਬਰ ਨੂੰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਵੇਗਾ | ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ 'ਚ ਨਗਰ ਕੀਰਤਨ ਵੀ ਸਜਾਇਆ ਜਾਵੇਗਾ |
ਸ੍ਰੀ ਨਨਕਾਣਾ ਸਾਹਿਬ 'ਚ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਮੁਕੰਮਲ
ਪ੍ਰਕਾਸ਼ ਪੁਰਬ ਪ੍ਰਬੰਧਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਬੈਠਕ ਕਰਦੇ ਹੋਏ ਰਮੇਸ਼ ਸਿੰਘ ਅਰੋੜਾ ਤੇ ਹੋਰ | ਤਸਵੀਰ ਰਾਹੀਂ : ਸੁਰਿੰਦਰ ਕੋਛੜ<br/> ਸ੍ਰੀ ਨਨਕਾਣਾ ਸਾਹਿਬ ਨੂੰ ਜਾਂਦੇ ਮੁੱਖ ਰਸਤੇ 'ਤੇ ਕੀਤੀ ਗਈ ਸਜਾਵਟ | (ਸੱਜੇ) ਗੁਰਦੁਆਰਾ ਸਾਹਿਬ 'ਚ ਕੀਤੇ ਗਏ ਮੌਕ ਅਭਿਆਸ ਦਾ ਦਿ੍ਸ਼ | ਤਸਵੀਰਾਂ ਰਾਹੀਂ : ਸੁਰਿੰਦਰ ਕੋਛੜ<br/>
03-11-2025