ਦਿੱਲੀ ਤੋਂ ਰੋਜ਼ਾਨਾ 100 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 20 ਨੂੰ ਅੰਮਿ੍ਤਸਰ ਪੁੱਜੇਗੀ
ਜਲੰਧਰ, 3 ਨਵੰਬਰ (ਜਸਪਾਲ ਸਿੰਘ)-ਸਾਇਕਲਿੰਗ ਫੈਡਰੇਸ਼ਨ ਆਫ਼ ਇੰਡੀਆ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਸ਼ਾਨਦਾਰ ਸਾਈਕਲ ਯਾਤਰਾ ਕੀਤੀ ਜਾ ਰਹੀ ਹੈ | ਇਹ ਯਾਤਰਾ 15 ਨਵੰਬਰ ਨੂੰ ਗੁਰੂ ਸਾਹਿਬ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਆਰੰਭ ਹੋ ਕੇ ਉਨ੍ਹਾਂ ਦੇ ਜਨਮ ਅਸਥਾਨ ਗੁਰੁਦਆਰਾ ਗੁਰੂ ਕਾ ਮਹਿਲ ਅੰਮਿ੍ਤਸਰ ਵਿਖੇ ਜਾ ਕੇ ਸਮਾਪਤ ਹੋਵੇਗੀ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਇਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦੱਸਿਆ ਕਿ ਇਸ ਯਾਤਰਾ ਦਾ ਉਦੇਸ਼ ਗੁਰੂ ਸਾਹਿਬ ਦੀ ਸ਼ਹਾਦਤ, ਦਇਆ, ਨਿਰਭਉਤਾ ਅਤੇ ਨਿਡਰਤਾ ਦੀ ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ | ਉਨ੍ਹਾਂ ਕਿਹਾ ਕਿ ਇਸ ਯਾਤਰਾ ਦੌਰਾਨ ਦਿੱਲੀ ਤੋਂ 250 ਦੇ ਕਰੀਬ ਸਾਇਕਲ ਸਵਾਰ ਇਸ ਯਾਤਰਾ 'ਚ ਸ਼ਾਮਿਲ ਹੋਣਗੇ ਤੇ ਰਸਤੇ 'ਚ ਹੋਰ ਸਾਇਕਲ ਸਵਾਰ ਤੇ ਸਮਰਥਕ ਇਸ ਯਾਤਰਾ ਦਾ ਹਿੱਸਾ ਬਣਦੇ ਜਾਣਗੇ | ਇਹ ਯਾਤਰਾ 15 ਤਰੀਕ ਨੂੰ ਦਿੱਲੀ ਤੋਂ ਆਰੰਭ ਹੋਵੇਗੀ ਤੇ ਰਾਤਰੀ ਵਿਸ਼ਰਾਮ ਪਾਣੀਪਤ ਵਿਖੇ ਹੋਵੇਗਾ | ਇਸ ਤਰ੍ਹਾਂ ਹਰ ਰੋਜ਼ 100 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੋਈ ਇਹ ਯਾਤਰਾ ਪਾਣੀਪਤ ਤੋਂ ਚੱਲ ਕੇ ਫਿਰ ਅੰਬਾਲਾ, ਲੁਧਿਆਣਾ ਤੇ ਜਲੰਧਰ ਤੋਂ ਹੁੰਦੀ ਹੋਈ 20 ਨਵੰਬਰ ਨੂੰ ਗੁਰਦੁਆਰਾ ਗੁਰੂ ਕਾ ਮਹਿਲ ਅੰਮਿ੍ਤਸਰ ਵਿਖੇ ਨਗਰ ਕੀਰਤਨ ਦੇ ਰੂਪ 'ਚ ਪਹੁੰਚੇਗੀ |
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਸਾਈਕਲ ਯਾਤਰਾ 15 ਤੋਂ-ਜੀ. ਕੇ. <br/>
ਅਜੀਤ ਡੈਸਕ
04-11-2025