ਅੰਮਿ੍ਤਸਰ, 21 ਨਵੰਬਰ (ਸੁਰਿੰਦਰ ਕੋਛੜ)-ਅਮਰੀਕੀ ਖ਼ੁਫ਼ੀਆ ਏਜੰਸੀ ਸੀ. ਆਈ. ਏ. ਦੇ ਸਾਬਕਾ ਅਧਿਕਾਰੀ ਜੌਨ ਕਿਰੀਆਕੌ ਨੇ ਇਕ ਇੰਟਰਵਿਊ 'ਚ ਖ਼ੁਲਾਸਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਨੇ ਕਿਰੀਆਕੌ ਨੂੰ ਭਾਰਤ ਅਤੇ ਪਾਕਿ ਦੀਆਂ ਰਵਾਇਤੀ ਫ਼ੌਜੀ ਤਾਕਤਾਂ ਬਾਰੇ ਸਵਾਲ ਕੀਤਾ ਸੀ | ਜਿਸ ਦਾ ਉਨ੍ਹਾਂ ਨੇ ਬੇਝਿਜਕ ਜਵਾਬ ਦਿੱਤਾ ਕਿ ਪਾਕਿ ਕਦੇ ਵੀ ਭਾਰਤ ਨੂੰ ਨਹੀਂ ਹਰਾ ਸਕੇਗਾ | ਇਸ ਬਿਆਨ ਤੋਂ ਨਾਰਾਜ਼ ਹੋ ਕੇ ਪੀ. ਟੀ. ਆਈ. ਨੇ ਉਨ੍ਹਾਂ 'ਤੇ ਆਪਣੇ ਬਿਆਨ ਲਈ ਮੁਆਫ਼ੀ ਮੰਗਣ ਲਈ ਦਬਾਅ ਪਾਇਆ | ਇੰਟਰਵਿਊ 'ਚ ਬੋਲਦੇ ਹੋਏ ਕਿਰੀਆਕੌ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਆਪਣੇ ਬਿਆਨ ਲਈ ਮੁਆਫ਼ੀ ਮੰਗਣ ਲਈ ਪਾਕਿ ਵਲੋਂ ਭੇਜਿਆ ਪੱਤਰ ਮਿਲਿਆ, ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਟਾਇਲਟ ਪੇਪਰ ਦੀ ਬਜਾਏ ਇਸ ਪੱਤਰ ਦੀ ਵਰਤੋਂ ਕਰਨਗੇ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਜਵਾਬ ਤੋਂ ਬਾਅਦ ਕੋਈ ਵੀ ਪਾਕਿਸਤਾਨੀ ਕਦੇ ਵੀ ਪੱਤਰ ਦਾ ਜਵਾਬ ਮੰਗਣ ਲਈ ਉਨ੍ਹਾਂ ਕੋਲ ਨਹੀਂ ਪਹੁੰਚਿਆ |