ਸ੍ਰੀ ਅਨੰਦਪੁਰ ਸਾਹਿਬ, 23 ਨਵੰਬਰ (ਕਰਨੈਲ ਸਿੰਘ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 20 ਨਵੰਬਰ ਨੂੰ ਗੁਰਦਾਸਪੁਰ ਦੇ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਰੀ ਸਿੰਘ ਅਤੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਸਾਹਿਬ ਸ੍ਰੀਨਗਰ ਤੋਂ ਆਰੰਭ ਹੋਏ ਵਿਸ਼ਾਲ ਨਗਰ ਕੀਰਤਨ ਅੱਜ ਅੰਮਿ੍ਤ ਵੇਲੇ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਪੁੱਜ ਕੇ ਸਮਾਪਤ ਹੋਏ | ਸ੍ਰੀ ਅਨੰਦਪੁਰ ਸਾਹਿਬ ਵਿਖੇ ਨਗਰ ਕੀਰਤਨਾਂ ਦੇ ਪਹੁੰਚਣ 'ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਰਭਜਨ ਸਿੰਘ ਈ.ਟੀ.ਓ. ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਅਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ | ਨਗਰ ਕੀਰਤਨ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਮੰਤਰੀ ਹਰਜੋਤ ਸਿੰਘ ਬੈਂਸ, ਹਰਭਜਨ ਸਿੰਘ ਈ.ਟੀ.ਓ. ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸਤਿਕਾਰ ਸਹਿਤ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਸਸ਼ੋਭਿਤ ਕੀਤਾ | ਗੁਰਦਾਸਪੁਰ ਤੋਂ ਸਜਾਏ ਨਗਰ ਕੀਰਤਨ 'ਚ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਸ੍ਰੀਨਗਰ ਵਾਲੇ ਨਗਰ ਕੀਰਤਨ 'ਚ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ, ਭੁਪਿੰਦਰ ਸਿੰਘ, ਕੁਲਦੀਪ ਸਿੰਘ, ਦਵਿੰਦਰ ਸਿੰਘ, ਬਹਾਦਰ ਸਿੰਘ ਸਮੇਤ ਹੋਰ ਜਥੇਬੰਦੀਆਂ ਤੇ ਸੰਸਥਾਵਾਂ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ | ਨਗਰ ਕੀਰਤਨ 'ਚ ਭਾਈ ਬਚਿੱਤਰ ਸਿੰਘ ਗੱਤਕਾ ਅਖਾੜਾ ਦੇ ਨੌਜਵਾਨਾਂ ਵਲੋਂ ਗਤਕੇਬਾਜ਼ੀ ਦੇ ਜੌਹਰ ਦਿਖਾਏ ਗਏ | ਦੱਸਣਯੋਗ ਹੈ ਕਿ ਇਸ ਨਗਰ ਕੀਰਤਨ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ 22 ਨਵੰਬਰ 2025 ਨੂੰ ਸ਼ਾਮ 6 ਵਜੇ ਪਹੁੰਚਣਾ ਸੀ ਪਰ ਰਸਤੇ 'ਤੇ ਪੈਂਦੇ ਪਿੰਡਾਂ-ਸ਼ਹਿਰਾਂ ਦੀਆਂ ਸੰਗਤਾਂ ਵਲੋਂ ਸਵਾਗਤ ਸਬੰਧੀ ਕੀਤੇ ਗਏ ਪ੍ਰਬੰਧਾਂ ਦੇ ਚੱਲਦਿਆਂ ਇਹ ਨਗਰ ਕੀਰਤਨ 10-12 ਘੰਟਿਆਂ ਦੀ ਦੇਰੀ ਨਾਲ ਪਹੁੰਚੇ |