ਸੰਗਰੂਰ/ਧਰਮਗੜ੍ਹ, 8 ਦਸੰਬਰ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ)-ਉੱਘੇ ਗਾਇਕ ਕਨਵਰ ਗਰੇਵਾਲ ਨੇ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਹੜ ਪੀੜਤਾਂ ਲਈ ਨਿਭਾਈਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਆਪਣਾ ਗੀਤ 'ਸੇਵਾ' ਉਕਤ ਟਰੱਸਟ ਵਲੋਂ ਨਿਭਾਈਆਂ ਸੇਵਾਵਾਂ ਨੂੰ ਸਮਰਪਿਤ ਕਰਦਿਆਂ ਇਸ ਗੀਤ ਰਾਹੀਂ ਉਨ੍ਹਾਂ ਨੇ ਦਰਸਾਇਆ ਕਿ ਪੰਜਾਬ ਕਿਵੇਂ ਹਰ ਮੁਸੀਬਤ ਦੇ ਸਮੇਂ ਦਲੇਰੀ ਨਾਲ ਖੜ੍ਹਾ ਰਹਿੰਦਾ ਹੈ ਤੇ ਸੇਵਾ ਅਤੇ ਹਿੰਮਤ ਨਾਲ ਹਰ ਚੁਣੌਤੀ ਦਾ ਸਾਹਮਣਾ ਕਰਦਾ ਹੈ | ਇਸ ਮੌਕੇ ਕਲਗ਼ੀਧਰ ਟਰੱਸਟ ਦੇ ਸੇਵਾਦਾਰਾਂ ਨੇ ਦੱਸਿਆ ਕਿ ਹੜ੍ਹ-ਪੀੜਤ ਪਰਿਵਾਰਾਂ ਲਈ 100 ਨਵੇਂ ਘਰ ਮੁਕੰਮਲ ਹੋ ਚੁੱਕੇ ਹਨ, ਜੋ ਕਿ ਉਕਤ ਟਰੱਸਟ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਅਤੇ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਦੀ ਅਗਵਾਈ ਹੇਠ ਪੂਰੀ ਪਾਰਦਰਸ਼ਤਾ ਨਾਲ ਦਾਨੀ ਸਹਿਯੋਗ ਨਾਲ ਤਿਆਰ ਕਰਵਾ ਕੇ ਹੜ੍ਹ ਪੀੜਤਾਂ ਨੂੰ ਸੌਂਪੇ ਗਏ ਹਨ | ਗਾਇਕ ਕਨਵਰ ਗਰੇਵਾਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ 26 ਅਗਸਤ ਤੋਂ ਹੀ ਕਲਗ਼ੀਧਰ ਟਰੱਸਟ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਵੱਡੇ ਪੱਧਰ 'ਤੇ ਰਾਹਤ ਕਾਰਜ ਅਰੰਭ ਕਰ ਦਿੱਤੇ ਗਏ ਸਨ, ਜੋ ਕਿ ਅੱਜ ਵੀ ਲਗਾਤਾਰ ਜਾਰੀ ਹਨ | ਉਨ੍ਹਾਂ ਕਿਹਾ ਕਿ 86 ਪਿੰਡਾਂ 'ਚੋਂ 5500 ਹੜ੍ਹ ਪੀੜਤ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਜਗਾ ਤੇ ਪਹੁੰਚਾਉਣਾ ਵੀ ਉਕਤ ਟਰੱਸਟ ਦੇ ਹਿੱਸੇ ਆਇਆ ਹੈ ਅਤੇ ਟਰੱਸਟ ਅਧੀਨ ਵੱਖ-ਵੱਖ ਅਕਾਲ ਅਕੈਡਮੀਆਂ ਤਿੱਬੜ, ਦੀਨਾਨਗਰ, ਡੇਰਾ ਬਾਬਾ ਨਾਨਕ, ਸੁਜਾਨਪੁਰ (ਪਠਾਨਕੋਟ-ਗੁਰਦਾਸਪੁਰ), ਵਛੋਆ ਤੇ ਦਦੇਹਰ ਸਾਹਿਬ (ਅੰਮਿ੍ਤਸਰ), ਥੇਹ ਕਲੰਦਰਾ (ਫ਼ਾਜ਼ਿਲਕਾ) ਵਿਖੇ ਰਾਹਤ ਕੈਂਪ ਬਣਾ ਕੇ ਹੜ ਪੀੜਤਾਂ ਨੂੰ ਸੰਭਾਲਿਆ ਗਿਆ |
ਬੜੂ ਸਾਹਿਬ ਟਰੱਸਟ ਵਲੋਂ ਹੜ੍ਹ ਪੀੜਤਾਂ ਲਈ ਕੀਤੇ ਸੇਵਾ ਕਾਰਜਾਂ ਦੀ ਸੂਫ਼ੀ ਗਾਇਕ ਕਨਵਰ ਗਰੇਵਾਲ ਵਲੋਂ ਸ਼ਲਾਘਾ <br/>
ਅਜੀਤ ਡੈਸਕ
09-12-2025