ਅਪ੍ਰੈਲ ਮਹੀਨੇ ਤੋਂ ਦੋਵਾਂ ਮੁਲਕਾਂ ਵਲੋਂ ਹਰ ਮਹੀਨੇ ਬਾਅਦ ਵਧਾਈ ਜਾ ਰਹੀ ਸਮਾਂ-ਹੱਦ
ਅੰਮਿ੍ਤਸਰ, 17 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਭਾਰਤ 'ਚ ਬਣੀ ਤਣਾਅ ਵਾਲੀ ਸਥਿਤੀ 'ਚ ਕੋਈ ਸੁਧਾਰ ਨਾ ਹੋਣ ਕਰਕੇ ਪਾਕਿਸਤਾਨ ਏਅਰਪੋਰਟ ਅਥਾਰਿਟੀ (ਪੀ. ਏ. ਏ.) ਨੇ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ 'ਤੇ ਪਾਬੰਦੀ 24 ਜਨਵਰੀ 2026 ਤੱਕ ਵਧਾਉਣ ਵਾਲੇ ਹਵਾਈ ਕਰਮਚਾਰੀਆਂ ਨੂੰ ਨੋਟਿਸ (ਨੋਟਮ) ਜਾਰੀ ਕੀਤਾ ਹੈ | ਭਾਰਤੀ ਜਹਾਜ਼ਾਂ ਲਈ ਨਵੀਂ ਪਾਬੰਦੀ ਪਿਛਲੀ ਮਿਆਦ ਪੁੱਗਣ ਤੋਂ ਲਗਭਗ ਇਕ ਹਫ਼ਤਾ ਪਹਿਲਾਂ ਸੂਚਿਤ ਕੀਤੀ ਗਈ ਹੈ | ਦੱਸਣਯੋਗ ਹੈ ਕਿ ਪਾਕਿ ਨੇ ਪਹਿਲਾਂ 23 ਅਪ੍ਰੈਲ ਤੋਂ ਇਕ ਮਹੀਨੇ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਦਾ ਐਲਾਨ ਕੀਤਾ ਸੀ ਅਤੇ ਉਸ ਤੋਂ ਬਾਅਦ ਇਹ ਸਮਾਂ-ਹੱਦ ਹਰ ਮਹੀਨੇ ਵਧਾਈ ਜਾ ਰਹੀ ਹੈ | ਪਾਕਿ ਏਵੀਏਸ਼ਨ ਡਿਵੀਜ਼ਨ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਿਕ ਇਸ ਪਾਬੰਦੀ ਦਾ ਉਦੇਸ਼ ਪਾਕਿ ਦੇ ਹਵਾਈ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਪਾਬੰਦੀ ਸਿਰਫ਼ ਭਾਰਤੀ ਜਹਾਜ਼ਾਂ 'ਤੇ ਲਾਗੂ ਹੋਵੇਗੀ | ਜਦੋਂਕਿ ਪਾਕਿ ਦਾ ਹਵਾਈ ਖੇਤਰ ਹੋਰ ਸਾਰੀਆਂ ਕੌਮਾਂਤਰੀ ਉਡਾਣਾਂ ਲਈ ਖੁੱਲ੍ਹਾ ਰਹੇਗਾ | ਪੀ. ਏ. ਏ. ਮੁਤਾਬਿਕ ਪਾਕਿ ਦੇ ਲਗਾਤਾਰ ਹਵਾਈ ਖੇਤਰ ਬੰਦ ਕਰਨ ਨਾਲ ਭਾਰਤੀ ਏਅਰਲਾਈਨਾਂ ਨੂੰ ਕਾਫ਼ੀ ਵਿੱਤੀ ਨੁਕਸਾਨ ਹੋਇਆ ਹੈ, ਜਿਨ੍ਹਾਂ ਨੂੰ ਅਪ੍ਰੈਲ ਤੋਂ ਲੰਬੇ ਮਾਰਗਾਂ 'ਤੇ ਉਡਾਣਾਂ ਨੂੰ ਮੁੜ-ਰੂਟ ਕਰਨ ਲਈ ਮਜਬੂਰ ਕੀਤਾ ਗਿਆ ਹੈ | ਇਨ੍ਹਾਂ ਕਾਰਨਾਂ ਕਰਕੇ ਭਾਰਤੀ ਕੈਰੀਅਰਾਂ ਨੂੰ ਅਰਬਾਂ ਰੁਪਏ ਦਾ ਵਾਧੂ ਈਧਨ ਅਤੇ ਸੰਚਾਲਨ ਖ਼ਰਚਿਆਂ 'ਚ ਨੁਕਸਾਨ ਪਹੁੰਚ ਰਿਹਾ ਹੈ |
ਪਾਕਿ ਨੇ ਭਾਰਤੀ ਜਹਾਜ਼ਾਂ 'ਤੇ ਪਾਬੰਦੀ 24 ਜਨਵਰੀ ਤੱਕ ਵਧਾਉਣ ਲਈ ਨੋਟਮ ਕੀਤਾ ਜਾਰੀ <br/>
ਅਜੀਤ ਡੈਸਕ
18-12-2025