ਪੰਜਾਬ ਦੇ ਸਾਰੇ ਸ਼ਹਿਰੀ ਖੇਤਰਾਂ 'ਚ ਲਾਗੂ ਹੋਵੇਗਾ ਐਕਟ-ਕਟਾਰੂਚੱਕ
ਚੰਡੀਗੜ੍ਹ, 17 ਦਸੰਬਰ (ਅਜੀਤ ਬਿਊਰੋ)-ਪੰਜਾਬ ਸਰਕਾਰ ਸੂਬੇ 'ਚ ਜੰਗਲਾਤ ਅਧੀਨ ਰਕਬੇ ਨੂੰ ਵਧਾਉਣ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸਾਫ਼ ਅਤੇ ਹਰਾ-ਭਰਾ ਵਾਤਾਵਰਨ ਛੱਡਣ ਦੇ ਮਕਸਦ ਨਾਲ 8 ਜੰਗਲਾਤ ਅਤੇ ਕੁਦਰਤ ਜਾਗਰੂਕਤਾ ਪਾਰਕ ਵਿਕਸਤ ਕਰ ਰਹੀ ਹੈ | ਇਨ੍ਹਾਂ 'ਚੋਂ 4 ਪਾਰਕ ਪਠਾਨਕੋਟ 'ਚ, 2 ਪਟਿਆਲਾ 'ਚ ਅਤੇ 1-1 ਅੰਮਿ੍ਤਸਰ ਅਤੇ ਹੁਸ਼ਿਆਰਪੁਰ ਵਿਖੇ 'ਹਰਿਆਲੀ ਪੰਜਾਬ' ਮਿਸ਼ਨ ਤਹਿਤ ਵਿਕਸਤ ਕੀਤੇ ਜਾ ਰਹੇ ਹਨ | ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਇਨ੍ਹਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਜੰਗੀ ਪੱਧਰ 'ਤੇ ਕੰਮ ਕਰ ਰਿਹਾ ਹੈ | ਪਠਾਨਕੋਟ 'ਚ ਪਿੰਡ ਘਰੋਟਾ (0.50 ਹੈਕਟੇਅਰ), ਕਟਾਰੂਚੱਕ (0.75 ਹੈਕਟੇਅਰ), ਹੈਬਤ ਪਿੰਡੀ (0.60 ਹੈਕਟੇਅਰ) ਵਿਖੇ ਪੰਚਾਇਤੀ ਜ਼ਮੀਨ ਅਤੇ ਆਈ.ਟੀ.ਆਈ. ਬਮਿਆਲ ਵਿਖੇ ਵਾਤਾਵਰਨ ਪਾਰਕ ਬਣਾਏ ਜਾ ਰਹੇ ਹਨ | ਇਸੇ ਤਰ੍ਹਾਂ ਪਟਿਆਲਾ ਵਿਖੇ ਬੈਰਨ ਮਾਈਨਰ ਸਮੇਤ ਦੋ ਥਾਵਾਂ 'ਤੇ ਵਾਤਾਵਰਨ ਪਾਰਕ ਵਿਕਸਤ ਕੀਤੇ ਜਾ ਰਹੇ ਹਨ | ਅੰਮਿ੍ਤਸਰ 'ਚ ਪਿੰਡ ਜਗਦੇਵ ਕਲਾਂ ਪੁਲ ਵਿਖੇ ਵਾਤਾਵਰਨ ਪਾਰਕ ਬਣਾਇਆ ਜਾ ਰਿਹਾ ਹੈ ਜਦੋਂਕਿ ਹੁਸ਼ਿਆਰਪੁਰ ਦੇ ਬੱਸੀ ਪੁਰਾਣੀ ਵਿਖੇ ਇੱਕ ਵਣ ਚੇਤਨਾ ਪਾਰਕ ਬਣਾਇਆ ਜਾ ਰਿਹਾ ਹੈ | ਹੈਬਤ ਪਿੰਡ ਵਿਖੇ ਪਾਰਕ ਦੇ ਸੰਬੰਧ 'ਚ ਇੰਟਰਲਾਕਿੰਗ ਟਾਈਲਾਂ ਵਾਲੇ ਨੇਚਰ ਟਰੇਲ ਦਾ ਕੰਮ ਪੂਰਾ ਹੋ ਗਿਆ ਹੈ ਜਦੋਂ ਕਿ ਖੇਡ ਦੇ ਉਪਕਰਣਾਂ ਅਤੇ ਓਪਨ ਏਅਰ ਸ਼ੈਲਟਰ (ਗਾਜ਼ੇਬੋ) ਦੀ ਸਥਾਪਨਾ ਇਸ ਸਮੇਂ ਚੱਲ ਰਹੀ ਹੈ | ਘਰੋਟਾ ਵਿਖੇ ਵੀ ਇੰਟਰਲਾਕਿੰਗ ਟਾਈਲਾਂ ਵਾਲੇ ਨੇਚਰ ਟਰੇਲ ਦਾ ਕੰਮ ਪੂਰਾ ਹੋ ਗਿਆ ਹੈ ਜਦੋਂ ਕਿ ਖੇਡ ਦੇ ਉਪਕਰਣਾਂ ਅਤੇ ਓਪਨ ਏਅਰ ਸ਼ੈਲਟਰ (ਗਾਜ਼ੇਬੋ) ਦੀ ਸਥਾਪਨਾ ਇਸ ਸਮੇਂ ਚੱਲ ਰਹੀ ਹੈ | ਪਿੰਡ ਕਟਾਰੂਚਕ ਵਿਖੇ ਇੰਟਰਲਾਕਿੰਗ ਟਾਈਲਾਂ ਵਾਲੇ ਨੇਚਰ ਟਰੇਲ ਅਤੇ ਖੇਡ ਦੇ ਉਪਕਰਣਾਂ ਦੀ ਸਥਾਪਨਾ ਦਾ ਕੰਮ ਬਹੁਤ ਤੇਜ਼ੀ ਨਾਲ ਜਾਰੀ ਹੈ | ਇਸ ਸੰਬੰਧੀ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ, 'ਪੰਜਾਬ ਟ੍ਰੀਜ਼ ਪ੍ਰੋਟੈਕਸ਼ਨ ਐਕਟ, 2025' ਦਾ ਖਰੜਾ ਤਿਆਰ ਕਰਨ ਦੀ ਪ੍ਰਕਿਰਿਆ ਵਿਚ ਹੈ, ਜਿਸ ਦਾ ਉਦੇਸ਼ ਹਰਿਆਲੀ ਨੂੰ ਬਣਾਈ ਰੱਖਣਾ, ਵਾਤਾਵਰਨ ਸੰਤੁਲਨ ਨੂੰ ਯਕੀਨੀ ਬਣਾਉਣਾ ਅਤੇ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਨਾਲ-ਨਾਲ ਮਿੱਟੀ ਦੀ ਸੰਭਾਲ ਕਰਨਾ ਹੈ | ਇਹ ਐਕਟ ਪੰਜਾਬ ਦੇ ਸਾਰੇ ਸ਼ਹਿਰੀ ਖੇਤਰਾਂ 'ਚ ਲਾਗੂ ਹੋਵੇਗਾ |
ਵਾਤਾਵਰਨ ਦੀ ਸੰਭਾਲ ਲਈ ਵਿਕਸਿਤ ਕੀਤੇ ਜਾ ਰਹੇ ਸੂਬੇ ਦੇ 8 ਜੰਗਲਾਤ ਤੇ ਕੁਦਰਤ ਜਾਗਰੂਕਤਾ ਪਾਰਕ <br/>
ਅਜੀਤ ਡੈਸਕ
18-12-2025