ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਨਾਲ ਜਿੱਤੀਆਂ ਸੀਟਾਂ-ਸੇਖੋਂ
ਫ਼ਿਰੋਜ਼ਪੁਰ/ਕੁੱਲਗੜ੍ਹੀ/ ਫ਼ਿਰੋਜ਼ਸ਼ਾਹ, 17 ਦਸੰਬਰ (ਗੁਰਿੰਦਰ ਸਿੰਘ, ਸੁਖਜਿੰਦਰ ਸਿੰਘ ਸੰਧੂ, ਸਰਬਜੀਤ ਸਿੰਘ ਧਾਲੀਵਾਲ)-ਜ਼ਿਲ੍ਹੇ ਵਿਚ 14 ਦਸੰਬਰ ਨੂੰ ਪਈਆਂ ਵੋਟਾਂ ਤੋਂ ਬਾਅਦ ਬੁੱਧਵਾਰ ਨੂੰ ਜ਼ਿਲ੍ਹੇ ਦੇ 6 ਗਿਣਤੀ ਕੇਂਦਰਾਂ ਵਿਚ ਵੋਟਾਂ ਦੀ ਗਿਣਤੀ ਕੀਤੀ ਗਈ। ਜੋ ਦੇਰ ਰਾਤ ਤੱਕ ਜਾਰੀ ਰਹੀ। ਗਿਣਤੀ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਖ਼ਾਸੀ ਸਰਗਰਮੀ ਬਣੀ ਰਹੀ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸਭ ਤੋਂ ਹਾਟ ਸੀਟ ਮੰਨੀ ਜਾ ਰਹੀ ਬਜੀਦਪੁਰ ਤੋਂ ਸਾਬਕਾ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਦੀ ਪਤਨੀ ਮਨਦੀਪ ਕੌਰ ਨੇ ਆਮ ਆਦਮੀ ਪਾਰਟੀ ਦੀ ਮਹਿਲਾ ਉਮੀਦਵਾਰ ਨੂੰ 2645 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਫ਼ਿਰੋਜ਼ਸ਼ਾਹ ਜ਼ੋਨ ਵਿਚ ਵੀ ਗੁਰਪ੍ਰੀਤ ਸਿੰਘ ਸੇਖੋਂ ਦੀ ਦੂਜੀ ਪਤਨੀ ਕੁਲਜੀਤ ਕੌਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 8760 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਕੇ ਜਿੱਤ ਹਾਸਲ ਕੀਤੀ। ਇਸੇ ਦੌਰਾਨ ਪਿਛਲੇ ਥੋੜ੍ਹੇ ਜਿਹੇ ਸਮੇਂ 'ਚ ਬਤੌਰ ਸਮਾਜ ਸੇਵੀ ਲੋਕਾਂ 'ਚ ਚੰਗਾ ਨਾਮਣਾ ਕਮਾ ਰਹੇ ਸ: ਗੁਰਪ੍ਰੀਤ ਸਿੰਘ ਸੇਖੋਂ ਨੇ ਬੋਲਦਿਆਂ ਕਿਹਾ ਕਿ ਇਹ ਜਿੱਤਾਂ ਦੋਨਾਂ ਹਲਕਿਆਂ ਦੇ ਭੈਣ ਭਰਾਵਾਂ ਦੀ ਮਿਹਨਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਆਗੂਆਂ ਵਰਕਰਾਂ ਵਲੋਂ ਦਿਨ ਰਾਤ ਇਕ ਕਰ ਚੋਣ ਪ੍ਰਚਾਰ ਦੀ ਬਦੌਲਤ ਹੋਈ ਹੈ। ਮੈਂ ਤੇ ਮੇਰਾ ਸਮੁੱਚਾ ਪਰਿਵਾਰ ਸਾਰੇ ਹਲਕੇ ਦੇ ਰਿਣੀ ਹਾਂ ਕਿ ਉਨ੍ਹਾਂ ਦੇ ਪਿਆਰ ਨੇ ਹਲਕਾ ਵਿਧਾਇਕ ਅਤੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਸ਼ੀਸ਼ਾ ਦਿਖਾਇਆ ਹੈ ਕਿ ਲੋਕ ਪਿਆਰ ਅੱਗੇ ਧੱਕੇਸ਼ਾਹੀਆਂ ਕੰਮ ਨਹੀਂ ਕਰਦੀਆਂ ਗਿਆ।
ਜ਼ਿਲ੍ਹਾ ਪ੍ਰੀਸ਼ਦ ਚੋਣ : ਬਜੀਦਪੁਰ ਤੇ ਫਿਰੋਜ਼ਸ਼ਾਹ ਜ਼ੋਨ 'ਚ ਸਾਬਕਾ ਗੈਂਗਸਟਰ ਸੇਖੋਂ ਦੀਆਂ ਦੋਵੇਂ ਪਤਨੀਆਂ ਜਿੱਤੀਆਂ
ਅਜੀਤ ਡੈਸਕ
18-12-2025