ਅੰਮਿ੍ਤਸਰ, 18 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਪੁਲਿਸ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਭੈਣਾਂ ਅਤੇ ਉਨ੍ਹਾਂ ਦੇ ਦਰਜਨਾਂ ਸਮਰਥਕਾਂ ਵਿਰੁੱਧ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਜੇਲ੍ਹ 'ਚ ਬੰਦ ਇਮਰਾਨ ਖ਼ਾਨ ਦੇ ਰਿਸ਼ਤੇਦਾਰਾਂ ਅਤੇ ਵਕੀਲਾਂ ਨੂੰ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ 'ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਆਗੂਆਂ ਅਤੇ ਕਾਰਕੁਨਾਂ ਨੇ ਬੀਤੇ ਦਿਨ ਜੇਲ੍ਹ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਸੀ | ਪੁਲਿਸ ਦੇ ਅਨੁਸਾਰ ਰਾਵਲਪਿੰਡੀ ਦੇ ਸਦਰ ਬਰੋਨੀ ਪੁਲਿਸ ਸਟੇਸ਼ਨ 'ਚ ਖ਼ਾਨ ਦੀਆਂ ਦੋ ਭੈਣਾਂ ਅਲੀਮਾ ਖਾਨ ਅਤੇ ਨੋਰੀਨ ਨਿਆਜ਼ੀ ਦੇ ਨਾਲ-ਨਾਲ ਸਲਮਾਨ ਅਕਰਮ ਰਾਜਾ, ਨਈਮ ਪੰਜੋਥਾ, ਕਾਸਿਮ ਖਾਨ, ਆਲੀਆ ਹਮਜ਼ਾ ਅਤੇ ਰਾਜਾ ਨਾਸਿਰ ਅੱਬਾਸ ਨਾਮੀ ਪਾਰਟੀ ਨੇਤਾਵਾਂ ਅਤੇ ਸਮਰਥਕਾਂ ਵਿਰੁੱਧ ਅੱਤਵਾਦ ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ |
ਇਮਰਾਨ ਖ਼ਾਨ ਦੀਆਂ ਭੈਣਾਂ ਖ਼ਿਲਾਫ਼ ਮਾਮਲਾ ਦਰਜ <br/>
ਅਜੀਤ ਡੈਸਕ
19-12-2025