• ਵੀਰਾਨ ਹੋਇਆ 'ਸਾਗਰ ਰੈਸਟੋਰੈਂਟ' ਅਤੇ ਉਜੜ ਗਿਆ 'ਕਦੰਬਾ ਟੂਰਿਸਟ ਬੰਗਲੋ'
• ਸੜਕ ਬੰਦ ਹੋਣ ਕਾਰਨ ਭਾਖੜਾ ਡੈਮ ਦੇ ਢਾਬੇ ਬੰਦ, ਮੱਛੀ ਮਾਰਕੀਟ 'ਚ ਸੰਨਾਟਾ
ਗੁਰਪ੍ਰੀਤ ਸਿੰਘ ਗਰੇਵਾਲ
ਨੰਗਲ, 20 ਦਸੰਬਰ-ਅਥਾਹ ਕੁਦਰਤੀ ਸੁਹੱਪਣ ਅਤੇ ਸੰਭਾਵਾਨਾਵਾਂ ਦੇ ਬਾਵਜੂਦ ਨੰਗਲ ਸੈਰਗਾਹ ਨਹੀਂ ਬਣ ਸਕਿਆ | ਭਾਖੜਾ ਡੈਮ ਦੇਖਣ ਹਰ ਵਰ੍ਹੇ ਪੰਜ ਲੱਖ ਤੋਂ ਵੱਧ ਸੈਲਾਨੀ ਆਉਂਦੇ ਹਨ ਪਰ ਅੰਤਾਂ ਦੇ ਸਰਕਾਰੀ ਭੰਬਲਭੂਸਿਆਂ ਕਾਰਨ ਨਿਰਾਸ਼ ਹੋ ਕੇ ਪਰਤਦੇ ਹਨ | ਭਾਖੜਾ ਡੈਮ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ 'ਚ ਹੈ, ਜਦੋਂਕਿ ਨੰਗਲ ਡੈਮ ਪੰਜਾਬ ਦੇ ਜ਼ਿਲ੍ਹਾ ਰੂਪਨਗਰ 'ਚ ਸਥਿਤ ਹੈ | ਭਾਖੜਾ ਡੈਮ ਦੇਖਣ ਲਈ ਬੀ.ਬੀ.ਐਮ.ਬੀ. ਵਲੋਂ ਸਵੇਰੇ 8 ਤੋਂ 3.20 ਵਜੇ ਤੱਕ ਵਾਈਟ ਪਰਮਿਟ ਜਾਰੀ ਕੀਤਾ ਜਾਂਦਾ ਹੈ | ਇਸ ਪਰਮਿਟ ਨਾਲ ਭਾਖੜਾ ਡੈਮ ਸੜਕ 'ਤੇ ਖੜ੍ਹੋ ਕੇ ਦੇਖਿਆ ਜਾ ਸਕਦਾ ਹੈ | ਸੈਲਾਨੀ ਭਾਖੜਾ ਡੈਮ 'ਤੇ ਪੈਦਲ ਵੀ ਨਹੀਂ ਘੁੰਮ ਸਕਦੇ | ਸੀ.ਆਈ.ਐਸ.ਐਫ. ਨੇ ਸਥਾਨਕ ਲੋਕਾਂ ਦਾ ਵੀ ਤ੍ਰਾਹ ਕਢਾਅ ਦਿੱਤਾ ਹੈ | ਬੱਸ ਯਾਤਰੀਆਂ ਦੇ ਆਧਾਰ ਕਾਰਡ ਏਦਾ ਚੈੱਕ ਕੀਤੇ ਜਾਂਦੇ ਹਨ ਜਿਵੇਂ ਸਰਹੱਦ 'ਤੇ ਕੀਤੇ ਜਾਂਦੇ ਹਨ | ਭਾਖੜਾ ਡੈਮ ਵਿਖੇ ਹਿਮਾਚਲ ਸਰਕਾਰ ਦਾ 'ਸਾਗਰ ਰੈਸਟੋਰੈਂਟ' ਵੀਰਾਨ ਹੋ ਗਿਆ ਹੈ | ਖ਼ੂਬਸੂਰਤ ਲਾਅਨ ਜੰਗਲ ਬਣ ਗਿਆ ਹੈ ਅਤੇ ਬਾਂਦਰ ਘੁੰਮ ਰਹੇ ਹਨ | ਨੰਗਲ ਸਥਿਤ ਪੰਜਾਬ ਸਰਕਾਰ ਦਾ 'ਕਦੰਬਾ ਟੂਰਿਸਟ ਬੰਗਲੋ' ਵੀ ਉੱਜੜ ਗਿਆ ਹੈ | ਬੇਸ਼ੱਕ ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਸਰਦਾਰ ਸੀ.ਪੀ.ਸਿੰਘ ਨੇ ਕਿਹਾ ਹੈ ਕਿ ਨੰਗਲ-ਭਾਖੜਾ ਮੁੱਖ ਮਾਰਗ ਛੇਤੀ ਹੀ ਖੋਲਿ੍ਹਆ ਜਾਵੇਗਾ ਪਰ ਸੜਕ ਬੰਦ ਹੋਣ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ | ਮੋਹਲ਼ੇਧਾਰ ਮੀਂਹ ਅਤੇ ਢਿਗਾਂ ਡਿੱਗਣ ਕਾਰਨ ਮੁੱਖ ਸੜਕ 31 ਅਗਸਤ ਤੋਂ ਬੰਦ ਹੈ | ਸੜਕ ਬੰਦ ਹੋਣ ਕਾਰਨ ਕਈ ਢਾਬੇ ਬੰਦ ਹੋ ਗਏ ਹਨ | ਭਾਖੜਾ ਡੈਮ ਦੀ ਮੱਛੀ ਮਾਰਕੀਟ 'ਚ ਵੀ ਸੰਨਾਟਾ ਹੈ ਅਤੇ ਕਿਸ਼ਤੀਆਂ ਵਾਲੇ ਵੀ ਵਿਹਲੇ ਬੈਠੇ ਹਨ | ਭਾਵੇਂ ਨੰਗਲ ਡੈਮ ਜਲਗਾਹ ਨੂੰ ਰਾਮਸਰ ( ਈਰਾਨ) ਸੰਧੀ ਅਧੀਨ ਅੰਤਰਰਾਸ਼ਟਰੀ ਦਰਜਾ ਪ੍ਰਾਪਤ ਹੈ ਪਰ ਅਜੇ ਤੱਕ ਝੀਲ ਚੌਗਿਰਦਾ ਮਿੱਤਰ ਵਿਕਾਸ ਤੋਂ ਵੀ ਵਾਂਝੀ ਹੈ | ਝੀਲ ਕੰਢੇ ਨਾ ਤਾਂ ਪੰਛੀ ਪ੍ਰੇਮੀਆਂ ਲਈ ਕੋਈ ਟਰੈਕ ਬਣਿਆ ਹੈ ਅਤੇ ਨਾ ਹੀ ਵਾਹਨਾਂ ਦੀ ਆਵਾਜਾਈ ਰੋਕਣ ਲਈ ਫੈਸਿੰਗ ਹੋਈ ਹੈ | ਕਾਂਗਰਸ ਸਰਕਾਰ ਦੇ ਸਮੇਂ ਚੌਗਿਰਦਾ ਮਿੱਤਰ 'ਢੋਲਾਂ ਵਾਲਾ ਪੁਲ' ਬਣਾਉਣ ਦਾ ਅਸਫਲ ਯਤਨ ਹੋਇਆ ਅਤੇ ਆਮ ਆਦਮੀ ਪਾਰਟੀ ਵਲੋਂ ਗਲਾਸ ਬਿ੍ਜ ਬਣਾਉਣ ਦਾ ਯਤਨ ਸਫਲ ਨਹੀਂ ਹੋਇਆ | ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਮੰਗ ਹੈ ਕਿ ਇਤਿਹਾਸਕ 'ਸ਼ੀਸ਼ਾ ਘਰ' ਅਤੇ ਪੰਡਤ ਨਹਿਰੂ ਦਾ ਵਿਰਾਸਤੀ ਕਮਰਾ ਆਮ ਲੋਕਾਂ ਲਈ ਖੋਲ੍ਹਣਾ ਚਾਹੀਦਾ ਹੈ | ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਇਹ ਦੋਵੇਂ ਥਾਵਾਂ ਦੇਖਣ ਦੀ ਆਗਿਆ ਹੋਣੀ ਚਾਹੀਦੀ ਹੈ | ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਰੂਪਨਗਰ ਅਤੇ ਚੇਅਰਮੈਨ ਸ੍ਰੀ ਗੁਰੂ ਰਵੀਦਾਸ ਯੂਨੀਵਰਸਿਟੀ ਹੁਸ਼ਿਆਰਪੁਰ ਡਾ. ਸੰਜੀਵ ਗੌਤਮ ਨੇ ਦੱਸਿਆ ਕਿ ਨੇੜ ਭਵਿੱਖ 'ਚ ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਦੇ ਵਿਕਾਸ ਲਈ ਅਹਿਮ ਕੰਮ ਕੀਤਾ ਜਾਵੇਗਾ | ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਸੂਤਰਾਂ ਨੇ ਦੱਸਿਆ ਕਿ ਅਸੀਂ ਛੇਤੀ ਹੀ ਨੰਗਲ 'ਚ ਮਿਊਜ਼ੀਅਮ ਦੀ ਉਸਾਰੀ ਕਰ ਰਹੇ ਹਾਂ | ਬੀ.ਬੀ.ਐਮ.ਬੀ. ਦੇ ਚੇਅਰਮੈਨ ਮਨੋਜ ਤਿ੍ਪਾਠੀ ਨੇ ਲੰਘੀ 17 ਦਸੰਬਰ ਨੂੰ ਇਸ ਸਾਈਟ ਦਾ ਦੌਰਾ ਵੀ ਕੀਤਾ ਹੈ | ਇਸ ਮਿਊਜ਼ੀਅਮ 'ਚ ਭਾਖੜਾ ਡੈਮ ਦੇ ਇਤਿਹਾਸ ਨਾਲ ਸਬੰਧਿਤ ਦਸਤਾਵੇਜ਼, ਤਸਵੀਰਾਂ , ਔਜ਼ਾਰ, ਮਸ਼ੀਨਰੀ ਆਦਿ ਰੱਖੀ ਜਾਵੇਗੀ |
ਅਥਾਹ ਸੰਭਾਵਨਾਵਾਂ ਦੇ ਬਾਵਜੂਦ ਨੰਗਲ ਨਹੀਂ ਬਣਿਆ ਸੈਰਗਾਹ <br/>
ਅਜੀਤ ਡੈਸਕ
21-12-2025