ਚੰਡੀਗੜ੍ਹ, 20 ਦਸੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਜਾਸਾਂਸੀ ਗ੍ਰਨੇਡ ਹਮਲੇ ਤੋਂ ਲਗਭਗ ਸੱਤ ਸਾਲ ਬਾਅਦ ਇਕ ਦੋਸ਼ੀ ਨੂੰ ਡਿਫਾਲਟ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ | ਇਸ ਹਮਲੇ 'ਚ ਲਗਭਗ 20 ਲੋਕ ਜ਼ਖਮੀ ਹੋਏ ਸਨ ਅਤੇ ਤਿੰਨ ਲੋਕ ਮਾਰੇ ਗਏ ਸਨ | ਜਸਟਿਸ ਗੁਰਵਿੰਦਰ ਸਿੰਘ ਗਿੱਲ ਅਤੇ ਜਸਟਿਸ ਰਮੇਸ਼ ਕੁਮਾਰੀ ਦੇ ਡਵੀਜ਼ਨ ਬੈਂਚ ਨੇ ਕਿਹਾ ਕਿ ਕਿਉਂਕਿ ਚਲਾਨ ਨਿਰਧਾਰਤ 90 ਦਿਨਾਂ ਦੀ ਮਿਆਦ ਦੇ ਅੰਦਰ ਦਾਇਰ ਨਹੀਂ ਕੀਤਾ ਗਿਆ, ਇਸ ਲਈ ਦੋਸ਼ੀ ਆਪਣੇ ਆਪ ਹੀ ਡਿਫਾਲਟ ਜ਼ਮਾਨਤ ਦਾ ਹੱਕਦਾਰ ਹੋ ਗਿਆ | ਅਦਾਲਤ ਨੇ ਅਪੀਲ ਨੂੰ ਮਨਜ਼ੂਰ ਕਰਦੇ ਹੋਏ 11 ਅਪ੍ਰੈਲ, 2019 ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਜਿਸ ਤਹਿਤ ਡਿਫਾਲਟ ਜ਼ਮਾਨਤ ਅਰਜ਼ੀ ਨੂੰ ਖਾਰਜ ਕੀਤਾ ਗਿਆ ਸੀ | ਡਵੀਜ਼ਨ ਬੈਂਚ ਨੇ ਮੁਲਜ਼ਮ ਅਵਤਾਰ ਸਿੰਘ ਨੂੰ ਤੁਰੰਤ ਰਿਹਾਅ ਕਰਨ ਦੇ ਨਿਰਦੇਸ਼ ਦਿੱਤੇ | ਅਦਾਲਤ ਦੇ ਅਨੁਸਾਰ, ਅਵਤਾਰ ਸਿੰਘ ਅਤੇ ਸਹਿ-ਮੁਲਜ਼ਮ ਨੇ ਸਾਂਝੇ ਤੌਰ 'ਤੇ ਕਾਨੂੰਨੀ ਮਿਆਦ ਦੀ ਸਮਾਪਤੀ 'ਤੇ ਡਿਫਾਲਟ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ | ਹਾਲਾਂਕਿ, ਉਸ ਸਮੇਂ ਅਰਜ਼ੀ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਗਿਆ ਸੀ ਕਿ ਜਾਂਚ ਦੀ ਮਿਆਦ 90 ਦਿਨਾਂ ਤੋਂ ਵਧਾ ਕੇ 180 ਦਿਨ ਕਰ ਦਿੱਤੀ ਗਈ ਸੀ |