ਫ਼ਤਹਿਗੜ੍ਹ ਸਾਹਿਬ, 22 ਦਸੰਬਰ (ਬਲਜਿੰਦਰ ਸਿੰਘ)-ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿਚ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ 25 ਤੋਂ 27 ਦਸੰਬਰ ਤੱਕ ਭਰਨ ਵਾਲੀ ਸ਼ਹੀਦੀ ਸਭਾ ਦੌਰਾਨ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਾਡੇਸ਼ਨ ਵਲੋਂ ਦੀਵਾਨ ਟੋਡਰ ਮੱਲ ਜੀ ਦੀ ਜਹਾਜੀ ਹਵੇਲੀ ਵਿਖੇ ਤਿੰਨ ਦਿਨਾਂ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦਿਆਂ ਫਾਊਾਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇਕੇ ਨੇ ਦੱਸਿਆ ਕਿ ਸ਼ਹੀਦੀ ਸਮਾਗਮਾਂ ਦੌਰਾਨ ਜਿੱਥੇ ਪੰਥ ਦੇ ਵਿਦਵਾਨ ਕੀਰਤਨੀ ਜਥੇ, ਢਾਡੀ, ਕਵੀਸ਼ਰੀ ਤੇ ਕਥਾ ਵਾਚਕ ਸੰਗਤਾਂ ਨੂੰ ਸਰਹਿੰਦ ਦੀ ਧਰਤੀ ਦਾ ਲਹੂ ਭਿੱਜਿਆ ਇਤਿਹਾਸ ਸਰਵਣ ਕਰਵਾਉਣਗੇ, ਉੱਥੇ ਹੀ ਸੰਗਤਾਂ ਨੂੰ ਇਤਿਹਾਸ ਦੇ ਅਨਮੋਲ ਪੰਨਿਆਂ ਨਾਲ ਰੂ-ਬਰੂ ਕਰਵਾਇਆ ਜਾਵੇਗਾ ਤਾਂ ਜੋ ਸ਼ਹੀਦਾਂ ਦੀ ਅਦੁੱਤੀ ਸ਼ਹਾਦਤ ਦਾ ਇਤਿਹਾਸ ਘਰ-ਘਰ ਪਹੁੰਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਰਾਏ ਕੱਲੇ ਰਾਹੀਂ ਦਸਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤੀ ਸ੍ਰੀ ਸਾਹਿਬ ਦੇ ਤਿੰਨੋਂ ਦਿਨ ਦੁਪਹਿਰ 12 ਤੋਂ ਸ਼ਾਮ 4 ਵਜੇ ਦਰਸ਼ਨ ਕਰਵਾਏ ਜਾਣਗੇ | ਇਸ ਮੌਕੇ ਫਾਊਾਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇਕੇ, ਸੀਨੀਅਰ ਆਗੂ ਤੇ ਕੈਨੇਡਾ ਸਰਕਾਰ ਦੇ ਮੌਜੂਦਾ ਮੰਤਰੀ ਰੂਬੀ ਸਹੋਤਾ ਦੇ ਪਿਤਾ ਹਰਬੰਸ ਸਿੰਘ ਜੰਡਾਲੀ, ਸਰਪ੍ਰਸਤ ਜਥੇਦਾਰ ਮਹਿੰਦਰ ਸਿੰਘ ਮਹਿਸਮਪੁਰ, ਜੋਗਾ ਸਿੰਘ ਬਾਠ ਕੈਨੇਡਾ, ਕਿਰਪਾਲ ਸਿੰਘ ਬਲਾਕੀਪੁਰੀ ਸੀਨੀਅਰ ਮੀਤ ਪ੍ਰਧਾਨ, ਗੁਰਜਿੰਦਰ ਸਿੰਘ ਛੰਨਾ ਅਤੇ ਸੁਖਵਿੰਦਰ ਸਿੰਘ ਢਿੱਲੋਂ ਵੀ ਹਾਜ਼ਰ ਸਨ |
ਸ਼ਹੀਦੀ ਸਭਾ ਦੌਰਾਨ ਸੰਗਤ ਨੂੰ ਦਸਮ ਪਿਤਾ ਵਲੋਂ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਦਿੱਤੀ ਸ੍ਰੀ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ-ਕਾਹਨੇਕੇ <br/>
ਅਜੀਤ ਡੈਸਕ
23-12-2025