ਐੱਸ. ਏ. ਐੱਸ. ਨਗਰ, 22 ਦਸੰਬਰ (ਕਪਿਲ ਵਧਵਾ)-ਜਲੰਧਰ ਦੇ ਥਾਣਾ ਮਕਸੂਦਾਂ ਵਿਖੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਵਿਰੁੱਧ ਦਰਜ ਮਾਮਲੇ ਦੀ ਜਾਂਚ ਹੁਣ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਦੇ ਹਵਾਲੇ ਕਰ ਦਿੱਤੀ ਗਈ ਹੈ | ਇਸ ਸੰਬੰਧ 'ਚ ਐਨ. ਆਈ. ਏ. ਵਲੋਂ ਦਾਇਰ ਅਰਜ਼ੀ 'ਤੇ ਸੁਣਵਾਈ ਕਰਦਿਆਂ ਮੁਹਾਲੀ ਸਥਿਤ ਐਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਦੀ ਅਦਾਲਤ ਤੋਂ ਮੂਲ ਨਿਆਂਇਕ ਡਾਕਟਾਂ/ ਕੇਸ ਰਿਕਾਰਡ ਅਤੇ ਗਿ੍ਫ਼ਤਾਰ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ | ਵਿਸ਼ੇਸ਼ ਜੱਜ ਦਿਨੇਸ਼ ਕੁਮਾਰ ਵਧਵਾ ਦੀ ਅਦਾਲਤ ਨੂੰ ਦੱਸਿਆ ਗਿਆ ਕਿ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ 18 ਦਸੰਬਰ ਨੂੰ ਜਾਰੀ ਹੁਕਮਾਂ ਦੇ ਤਹਿਤ ਐਨ. ਆਈ. ਏ. ਨੇ ਪੰਜਾਬ ਪੁਲਿਸ ਵਲੋਂ ਦਰਜ ਐਫ. ਆਈ. ਆਰ. ਦੇ ਆਧਾਰ 'ਤੇ ਐਨ. ਆਈ. ਏ. ਵਲੋਂ ਕੇਸ ਦਰਜ ਕਰ ਲਿਆ ਗਿਆ ਹੈ | ਇਸ ਦੇ ਨਾਲ ਹੀ ਕੇਸ 'ਚ ਯੂ. ਏ. ਪੀ. ਏ. ਸਮੇਤ ਗੰਭੀਰ ਧਾਰਾਵਾਂ ਲਾਗੂ ਕੀਤੀਆਂ ਗਈਆਂ ਹਨ | ਇਹ ਮਾਮਲਾ ਨਵਦੀਪ ਸਿੰਘ ਉਰਫ਼ ਰੌਜਰ ਸੰਧੂ ਨਾਲ ਸੰਬੰਧਿਤ ਹੈ, ਜਿਸ ਦੇ ਘਰ ਦੀ ਬਾਲਕਨੀ 'ਚੋਂ ਇਕ ਗੋਲ ਧਾਤੂਨੁੰਮਾ ਵਸਤੂ ਮਿਲੀ ਸੀ | ਜਾਂਚ ਦੌਰਾਨ ਇਹ ਵਸਤੂ ਹੈਂਡ ਗ੍ਰਨੇਡ ਦੇ ਪੁਰਜ਼ਿਆਂ ਦੀ ਹੋਣ ਦੀ ਪੁਸ਼ਟੀ ਹੋਈ | ਦੋਸ਼ ਹੈ ਕਿ ਇਹ ਗ੍ਰਨੇਡ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਵਲੋਂ ਨਿੱਜੀ ਦੁਸ਼ਮਣੀ ਦੇ ਚਲਦਿਆਂ ਸੁੱਟਵਾਇਆ ਗਿਆ ਸੀ ਅਤੇ ਨਵਦੀਪ ਸਿੰਘ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ | ਅਦਾਲਤ ਨੇ ਸਪੱਸ਼ਟ ਕੀਤਾ ਕਿ ਪੰਜਾਬ 'ਚ ਐਨ. ਆਈ. ਏ. ਕੇਸਾਂ ਦੀ ਸੁਣਵਾਈ ਲਈ ਮੁਹਾਲੀ ਸਥਿਤ ਸੀ. ਬੀ. ਆਈ. ਕੋਰਟ-1 ਹੀ ਨਿਰਧਾਰਤ ਅਦਾਲਤ ਹੈ | ਇਸ ਲਈ ਜਲੰਧਰ ਦੇ ਵਾਧੂ ਸੈਸ਼ਨ ਜੱਜ ਰਾਜੀਵ ਕੇ. ਬੇਰੀ ਦੀ ਅਦਾਲਤ 'ਚ ਮੌਜੂਦ ਸਾਰਾ ਮੂਲ ਕੇਸ ਰਿਕਾਰਡ ਅਤੇ ਗਿ੍ਫ਼ਤਾਰ ਮੁਲਜ਼ਮ ਦੀ ਨਿਆਂਇਕ ਹਿਰਾਸਤ ਸੰਬੰਧੀ ਜਾਣਕਾਰੀ ਮੁਹਾਲੀ ਦੀ ਐਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਨੂੰ ਭੇਜਣ ਲਈ ਜਲੰਧਰ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਨਿਰਦੇਸ਼ ਦਿੱਤੇ ਗਏ ਹਨ |