ਪਟਿਆਲਾ, 23 ਦਸੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਸਰਕਾਰ ਵਲੋਂ ਸੂਬੇ 'ਚ ਸ਼ਾਂਤਮਈ ਮਾਹੌਲ ਹੋਣ ਅਤੇ ਕਾਨੂੰਨ ਵਿਵਸਥਾ ਸਥਿਰ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅਕਸਰ ਸ਼ਰਾਰਤੀ ਅਨਸਰਾਂ ਵਲੋਂ ਸ਼ਰੇ੍ਹਆਮ ਸਕੂਲਾਂ ਅਤੇ ਹੋਰ ਜਨਤਕ ਅਦਾਰਿਆਂ ਨੂੰ ਉਡਾਉਣ ਦੀਆਂ ਧਮਕੀਆਂ ਈ-ਮੇਲ ਤੇ ਸੋਸ਼ਲ ਮੀਡੀਆ ਰਾਹੀਂ ਭੇਜੇ ਜਾਣਾ ਇੱਥੋਂ ਦੇ ਵਸਨੀਕਾਂ ਲਈ ਡਰ ਦਾ ਮਾਹੌਲ ਪੈਦਾ ਕਰ ਰਿਹਾ ਹੈ | ਇੱਥੋਂ ਦੇ ਅਰਬਨ ਅਸਟੇਟ 'ਚ ਸਥਿਤ ਇਕ ਨਿੱਜੀ ਸਕੂਲ ਨੂੰ ਅੱਜ ਸਵੇਰੇ 7 ਵਜੇ ਦੇ ਕਰੀਬ ਇਕ ਈ-ਮੇਲ ਆਈ ਜਿਸ 'ਚ ਲਿਖਿਆ ਸੀ ਕਿ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ | ਇਸ ਦੀ ਸੂਚਨਾ ਮਿਲਦੇ ਹੀ ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਮੌਕੇ 'ਤੇ ਪਹੁੰਚ ਕੇ ਸਕੂਲ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਤਸਵੀਰਾਂ ਫਰੋਲੀਆਂ ਅਤੇ ਆਉਣ ਜਾਣ ਦੇ ਰਸਤਿਆਂ ਸੰਬੰਧੀ ਅਤੇ ਸਕੂਲ ਦੇ ਸਾਰੇ ਸਟਾਫ਼ ਸੰਬੰਧੀ ਵੀ ਪੁੱਛ ਪੜਤਾਲ ਕੀਤੀ | ਇਸ ਦੌਰਾਨ ਐਸ.ਐਸ.ਪੀ. ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਕੂਲ 'ਚ ਮਾਹੌਲ ਬਿਲਕੁਲ ਸੁਰੱਖਿਅਤ ਹੈ ਅਤੇ ਸਕੂਲ ਦਾ ਚੱਪਾ-ਚੱਪਾ ਟੀਮਾਂ ਵਲੋਂ ਦੇਖਿਆ ਗਿਆ ਹੈ ਅਤੇ ਕਿਸੇ ਵੀ ਪ੍ਰਕਾਰ ਘਬਰਾਉਣ ਦੀ ਜ਼ਰੂਰਤ ਨਹੀਂ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਸੋਸ਼ਲ ਮੀਡੀਆ 'ਤੇ ਕੋਈ ਵੀ ਅਣਚਾਹਿਆ ਸੰਦੇਸ਼ ਮਿਲਦਾ ਹੈ ਅਤੇ ਜੇਕਰ ਤੁਹਾਨੂੰ ਸ਼ੱਕੀ ਵਿਅਕਤੀ ਇਲਾਕੇ 'ਚ ਘੁੰਮਦਾ ਦਿਖਦਾ ਹੈ ਤਾਂ ਤੁਰੰਤ ਇਸ ਸੰਬੰਧੀ ਪੁਲਿਸ ਨੂੰ ਕੰਟਰੋਲ ਰੂਮ 'ਤੇ ਜਾਣਕਾਰੀ ਦਿਓ |
ਪਟਿਆਲਾ ਦੇ ਸਕੂਲ ਨੂੰ ਵੀ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ <br/>
ਅਜੀਤ ਡੈਸਕ
24-12-2025