ਕੋਰਸ ਕਰਨ ਬਦਲੇ ਭਰਨੀ ਪਵੇਗੀ 25 ਹਜ਼ਾਰ ਰੁਪਏ ਦੀ ਮੋਟੀ ਫ਼ੀਸ, ਰਜਿਸਟ੍ਰੇਸ਼ਨ ਦਾ ਹਜ਼ਾਰ ਰੁਪਇਆ ਵੱਖਰਾ
ਬਠਿੰਡਾ, 23 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਸੂਬੇ ਦੇ ਬੀ.ਐੱਡ. ਆਧਾਰ 'ਤੇ ਭਰਤੀ ਹੋਏ ਅਤੇ ਸਾਲਾਂ ਤੋਂ ਸੇਵਾਵਾਂ ਨਿਭਾਅ ਰਹੇ ਹਜ਼ਾਰਾਂ ਅਧਿਆਪਕਾਂ 'ਤੇ ਹੁਣ 'ਬਿ੍ਜ ਕੋਰਸ' ਕਰਨ ਦੀ ਨਵੀਂ ਸ਼ਰਤ ਥੋਪ ਦਿੱਤੀ ਹੈ, ਜਿਸ ਨੂੰ ਲੈ ਕੇ ਇਨ੍ਹਾਂ ਅਧਿਆਪਕਾਂ 'ਚ ਭਾਰੀ ਰੋਸ ਹੈ | ਉੱਧਰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਵਿਰੋਧ ਕਰਦਿਆਂ ਇਹ ਸ਼ਰਤ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ | ਇਸ ਸੰਬੰਧੀ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਅਸ਼ਵਨੀ ਅਵਸਥੀ ਤੇ ਸੂਬਾ ਉੱਪ-ਪ੍ਰਧਾਨ ਜਗਪਾਲ ਬੰਗੀ ਬਠਿੰਡਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿਚ ਜੋ ਅਧਿਆਪਕ ਈ.ਟੀ.ਟੀ. (ਐਲੀਮੈਂਟਰੀ ਟੀਚਰਜ਼ ਟ੍ਰੇਨਿੰਗ) ਕਰਨ ਦੀ ਬਜਾਏ ਬੀ.ਐੱਡ. ਦੇ ਆਧਾਰ 'ਤੇ 28 ਜੂਨ 2018 ਤੋਂ ਲੈ ਕੇ 11 ਅਗਸਤ 2021 ਤੱਕ ਪੰਜਾਬ ਸਿੱਖਿਆ ਵਿਭਾਗ ਦੇ ਪ੍ਰਾਇਮਰੀ ਵਿਭਾਗ ਵਿਚ ਭਰਤੀ ਹੋਏ ਹਨ, ਉਨ੍ਹਾਂ 'ਤੇ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ 'ਬਿ੍ਜ ਕੋਰਸ' ਕਰਨ ਦੀ ਬੇਲੋੜੀ ਸ਼ਰਤ ਮੜ੍ਹ ਦਿੱਤੀ ਹੈ, ਜਿਸ ਰਾਹੀਂ ਉਨ੍ਹਾਂ ਨੂੰ ਛੇ ਮਹੀਨਿਆਂ ਦਾ ਤਜਰਬਾ ਸਰਟੀਫਿਕੇਟ ਦਿੱਤਾ ਜਾਵੇਗਾ, ਪਰ ਜਦੋਂ ਇਹ ਅਧਿਆਪਕ ਭਰਤੀ ਹੋਏ ਸਨ ਤਾਂ ਉਸ ਸਮੇਂ ਅਜਿਹੀ ਕੋਈ ਸ਼ਰਤ ਨਹੀਂ ਸੀ ਤੇ ਹੁਣ ਸਾਲਾਂ ਤੋਂ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾ ਰਹੇ ਇਹ ਅਧਿਆਪਕ ਤਜਰਬੇ ਪੱਖੋਂ ਵੀ ਮਾਹਿਰ ਹਨ, ਜਿੰਨ੍ਹਾਂ ਨੂੰ ਪੜ੍ਹਾਈ ਕਰਵਾਉਣ ਦੇ ਕਿਸੇ ਨਵੇਂ ਤਜਰਬਾ ਸਰਟੀਫਿਕੇਟ ਦੀ ਲੋੜ ਨਹੀਂ | ਉਨ੍ਹਾਂ ਦੱਸਿਆ ਕਿ ਉਕਤ ਕੋਰਸ ਕਰਨ ਬਦਲੇ ਇਨ੍ਹਾਂ ਅਧਿਆਪਕਾਂ ਨੂੰ 'ਰਾਸ਼ਟਰੀ ਮੁਕਤ ਵਿਦਿਆਲਿਆ ਸਿਖਸ਼ਣ ਸੰਸਥਾਨ' ਕੋਲ 25 ਹਜ਼ਾਰ ਰੁਪਏ ਦੀ ਮੋਟੀ ਫ਼ੀਸ ਭਰਨੀ ਪਵੇਗੀ ਤੇ ਰਜਿਸਟ੍ਰੇਸ਼ਨ ਕਰਵਾਉਣ ਦਾ 1 ਹਜ਼ਾਰ ਰੁਪਇਆ ਵੱਖਰਾ ਦੇਣਾ ਪਵੇਗਾ, ਜਿਸ ਨਾਲ ਅਧਿਆਪਕਾਂ 'ਤੇ ਵੱਡਾ ਆਰਥਿਕ ਬੋਝ ਤਾਂ ਪਵੇਗਾ ਹੀ ਸਗੋਂ ਉਨ੍ਹਾਂ ਨੂੰ ਸਕੂਲਾਂ ਅਤੇ ਵਿਦਿਆਰਥੀਆਂ ਤੋਂ ਦੂਰ ਵੀ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਦੀ ਆਖ਼ਰੀ ਤਾਰੀਕ ਕੱਲ੍ਹ 25 ਦਸੰਬਰ ਦੀ ਹੈ, ਜਿਸ ਲਈ ਉਕਤ ਅਧਿਆਪਕਾਂ 'ਤੇ ਵਿਭਾਗ ਵਲੋਂ ਭਾਰੀ ਦਬਾਓ ਪਾਇਆ ਜਾ ਰਿਹਾ |
ਬੀ.ਐੱਡ. ਦੇ ਆਧਾਰ 'ਤੇ ਭਰਤੀ ਹੋਏ ਸੂਬੇ ਦੇ ਹਜ਼ਾਰਾਂ ਅਧਿਆਪਕਾਂ 'ਤੇ ਹੁਣ 'ਬਿ੍ਜ ਕੋਰਸ' ਕਰਨ ਦੀ ਸ਼ਰਤ ਥੋਪੀ <br/>
ਅਜੀਤ ਡੈਸਕ
24-12-2025