ਸੰਗਰੂਰ, 24 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਆਲ ਇੰਡੀਆ ਕਸ਼ੱਤਰੀਆ (ਟਾਂਕ) ਪ੍ਰਤੀਨਿਧੀ ਸਭਾ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਦਮਦਮੀ ਦੀ ਅਗਵਾਈ 'ਚ ਸਭਾ ਦੇ ਆਗੂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਾਮਦੇਵ ਬਿਰਾਦਰੀ ਭਾਈਚਾਰੇ ਦੀਆਂ ਮੰਗਾਂ ਨੂੰ ਲੈ ਕੇ ਮੁਲਾਕਾਤ ਕੀਤੀ ਗਈ ਅਤੇ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦਾ ਸੂਬਾ ਪੱਧਰੀ ਪ੍ਰਲੋਕ ਗਮਨ ਦਿਹਾੜਾ ਸੂਬਾ ਸਰਕਾਰ ਵਲੋਂ ਵੱਡੀ ਪੱਧਰ 'ਤੇ ਮਨਾਉਣ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਤਾਂ ਕਿ ਸਰਕਾਰ ਜਿੱਥੇ ਹੋਰਾਂ ਗੁਰੂ ਸਾਹਿਬਾਨਾਂ ਤੇ ਭਗਤਾਂ ਦੀਆਂ ਸ਼ਤਾਬਦੀਆਂ ਸੂਬਾ ਪੱਧਰ 'ਤੇ ਮਨਾਈਆਂ ਜਾਂਦੀਆਂ ਹਨ ਇਸੇ ਤਰ੍ਹਾਂ ਹੀ ਭਗਤ ਨਾਮਦੇਵ ਜੀ ਦਾ ਪ੍ਰਲੋਕ ਗਮਨ ਦਿਹਾੜਾ ਵੀ ਸੂਬਾ ਪੱਧਰ 'ਤੇ ਮਨਾਇਆ ਜਾਵੇ | ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਭਗਤ ਨਾਮਦੇਵ ਜੀ ਦੇ ਨਾਮ 'ਤੇ ਸੂਬੇ ਵਿਚ ਕਿਸੇ ਵੀ ਸੰਸਥਾ ਦਾ ਨਾਮ ਰੱਖਿਆ ਜਾਵੇ | ਆਗੂਆਂ ਨੇ ਮੰਗ ਕੀਤੀ ਕਿ ਭਗਤ ਨਾਮਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੇ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਭਗਤ ਨਾਮਦੇਵ ਜੀ ਦੀ ਚੇਅਰ ਜੋ ਪਿਛਲੇ ਸਮੇਂ ਦੌਰਾਨ ਸਥਾਪਿਤ ਕੀਤੀ ਗਈ ਸੀ ਪਰ ਫ਼ੰਡਾਂ ਦੀ ਘਾਟ ਕਾਰਨ ਹੁਣ ਬੰਦ ਪਈ ਹੈ, ਨੂੰ ਮੁੜ ਸੁਰਜੀਤ ਕੀਤਾ ਜਾਵੇ | ਇਸ ਤੋਂ ਇਲਾਵਾ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਨੂੰ ਤੀਰਥ ਸਥਾਨ ਵਜੋਂ ਵਿਕਸਿਤ ਕੀਤਾ ਜਾਵੇ | ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਸ਼ਵਾਸ ਦਵਾਇਆ ਗਿਆ ਕਿ ਜਲਦੀ ਹੀ ਨਾਮਦੇਵ ਬਿਰਾਦਰੀ ਭਾਈਚਾਰੇ ਨਾਲ ਮੀਟਿੰਗ ਕਰ ਕੇ ਇਨ੍ਹਾਂ ਮੰਗਾਂ ਨੂੰ ਵਿਚਾਰਿਆ ਜਾਵੇਗਾ | ਇਸ ਮੌਕੇ ਸਭਾ ਦੇ ਜਨਰਲ ਸਕੱਤਰ ਮੇਜਰ ਸਿੰਘ ਸਿੱਧੂ, ਵਿੱਤ ਸਕੱਤਰ ਮਲਕੀਤ ਸਿੰਘ ਸਾਗੂ ਸੰਗਰੂਰ, ਸਕੱਤਰ ਜਨਰਲ ਜਸਵਿੰਦਰ ਸਿੰਘ ਖਿੱਲਰੀਆਂ, ਮੀਤ ਪ੍ਰਧਾਨ ਅਜੀਤ ਸਿੰਘ ਬੱਟੂ, ਕੇਵਲ ਸਿੰਘ ਵੀਨਸ, ਹਰਿੰਦਰ ਸਿੰਘ ਗਲੋਰੀ, ਕੌਰ ਸਿੰਘ ਉਪਲੀ, ਰਣਜੀਤ ਸਿੰਘ ਚੰਗਾਲ, ਕਰਮ ਸਿੰਘ ਨਮੋਲ, ਕੁਲਵਿੰਦਰ ਸਿੰਘ ਜੱਸਲ ਅਤੇ ਹੋਰ ਆਗੂ ਹਾਜ਼ਰ ਸਨ |