ਨੂਰਪੁਰ ਬੇਦੀ (ਰੂਪਨਗਰ), 24 ਦਸੰਬਰ (ਹਰਦੀਪ ਸਿੰਘ ਢੀਂਡਸਾ)-ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਦੇ ਪਾਵਨ ਮੌਕੇ 'ਤੇ ਅਮਰੀਕਾ ਦੇ ਨਿਊ ਜਰਸੀ ਰਾਜ ਸਰਕਾਰ ਵਲੋਂ ਕੈਪੀਟਲ ਹਿੱਲ ਵਿਖੇ ਸਿੱਖ ਇਤਿਹਾਸ ਨੂੰ ਸਮਰਪਿਤ ਇਕ ਵਿਸ਼ੇਸ਼ ਮਾਨਤਾ ਪ੍ਰਸਤਾਵ ਪਾਸ ਕਰਕੇ ਖ਼ਾਲਸਾ ਪੰਥ ਅਤੇ ਸਿੱਖ ਧਰਮ ਨੂੰ ਸਨਮਾਨਿਤ ਕੀਤਾ ਗਿਆ | ਇਸ ਇਤਿਹਾਸਕ ਮੌਕੇ 'ਤੇ ਨਿਊ ਜਰਸੀ ਦੀ ਵਿਧਾਨ ਸਭਾ ਦਾ ਅਧਿਕਾਰਕ ਸੈਸ਼ਨ ਸਿੱਖ ਅਰਦਾਸ ਨਾਲ ਸ਼ੁਰੂ ਕਰਵਾਉਣ ਦਾ ਮਾਣ ਨੂਰਪੁਰ ਬੇਦੀ ਦੇ ਅਧੀਨ ਪੈਂਦੇ ਪਿੰਡ ਚਬਰੇਵਾਲ ਦੇ ਰਹਿਣ ਵਾਲੇ ਭਾਈ ਜਸਵਿੰਦਰ ਸਿੰਘ ਨੂੰ ਪ੍ਰਾਪਤ ਹੋਇਆ | ਕੈਪੀਟਲ ਹਿੱਲ ਦੇ ਮੁੱਖ ਹਾਲ ਵਿਚ ਜਦੋਂ ਭਾਈ ਜਸਵਿੰਦਰ ਸਿੰਘ ਨੇ ਸਿੱਖ ਪਰੰਪਰਾਵਾਂ ਅਨੁਸਾਰ ਅਰਦਾਸ ਕੀਤੀ, ਤਦ ਸਾਰੀ ਵਿਧਾਨ ਸਭਾ ਨੇ ਸਿਰ ਨਿਵਾ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲੀਦਾਨ ਅਤੇ ਮਨੁੱਖੀ ਅਧਿਕਾਰਾਂ ਲਈ ਕੀਤੀ ਗਈ ਕੁਰਬਾਨੀ ਨੂੰ ਯਾਦ ਕੀਤਾ | ਭਾਈ ਜਸਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੋ ਸਾਲ ਪਹਿਲਾਂ ਵੀ ਉਹ ਯੂਐਸ ਹਾਊਸ ਆਫ਼ ਰਿਪਰਜ਼ੈਨਟੇਟਿਵਜ਼ ਵਿਚ ਅਰਦਾਸ ਕਰਕੇ ਸੈਸ਼ਨ ਸ਼ੁਰੂ ਕਰਨ ਵਾਲੇ ਪਹਿਲੇ ਸਿੱਖ ਗ੍ਰੰਥੀ ਬਣੇ ਸਨ | ਇਸ ਤੋਂ ਪਹਿਲਾਂ ਅਮਰੀਕਾ ਦੇ ਇਤਿਹਾਸ ਵਿਚ ਸੈਸ਼ਨ ਦੀ ਸ਼ੁਰੂਆਤ ਸਿਰਫ਼ ਇਸਾਈ ਪਾਦਰੀਆਂ ਵਲੋਂ ਪ੍ਰਾਰਥਨਾ ਕਰਕੇ ਹੁੰਦੀ ਸੀ | ਭਾਈ ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਸਿੱਖ ਕੌਮ ਲਈ ਇਕ ਇਤਿਹਾਸਕ ਮੋੜ ਹੈ ਅਤੇ ਸਿੱਖ ਧਰਮ ਦੀ ਪਛਾਣ ਨੂੰ ਦੁਨੀਆ ਭਰ ਵਿਚ ਮਜ਼ਬੂਤ ਕਰਨ ਵਾਲਾ ਕਦਮ ਹੈ |