ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 10 ਅਗਸਤ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਕਿਸਾਨ ਆਗੂ ਸੁਖਪਾਲ ਸਿੰਘ ਮਾਣਕ ਕਣਕਵਾਲ ਦੀ ਅਗਵਾਈ ਵਿਚ ਸਥਾਨਕ ਨਵੀਂ ਵਿਚ ਧਰਨਾ ਦੇਣ ਉਪਰੰਤ ਸੁਨਾਮ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ।
ਇਸ ਸਮੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਵੀ ਕੀਤੀ ਗਈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ, ਜ਼ਿਲ੍ਹਾਂ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਨਾਲ ਮਿਲਕੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਤੁਲੀ ਹੋਈ ਹੈ। ਜਿਸ ਨੂੰ ਮੁਲਕ ਭਰ ਦੇ ਕਦੇ ਵੀ ਬਰਦਾਸ਼ਤ ਨਹੀ ਕਰਨਗੇ। ਇਸ ਸਮੇ ਐਸ. ਡੀ. ਐਮ. ਸੁਨਾਮ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਜਿਸ ਵਿਚ ਕੇਂਦਰ ਸਰਕਾਰ ਤੋਂ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਨ, ਲੈਂਡ ਪੋਲਿੰਗ ਨੀਤੀ ਰੱਦ ਕਰਨ, ਐਮ.ਐਸ.ਪੀ. ਦੀ ਗਰੰਟੀ ਦੇਣ, ਸਮੁੱਚੇ ਕਿਸਾਨਾਂ-ਮਜ਼ਦੂਰਾਂ ਦਾ ਕੁਲ ਕਰਜ਼ਾ ਮਾਫ ਕਰਨ ਦੀ ਮੰਗ ਕੀਤੀ। ਇਸ ਮੌਕੇ ਪਾਲ ਸਿੰਘ ਦੌਲਾ ਸਿੰਘ ਵਾਲਾ, ਯਾਦਵਿੰਦਰ ਸਿੰਘ ਚੱਠੇ-ਨੱਕਟੇ, ਜੀਤ ਸਿੰਘ ਗੰਢੂਆਂ ਅਤੇ ਬਲਜੀਤ ਸਿੰਘ ਮਾਡਲ ਟਾਉਨ ਆਦਿ ਮੌਜੂਦ ਸਨ।