ਪਟਿਆਲਾ, 24 ਦਸੰਬਰ -ਪਿਛਲੇ ਕੁਝ ਸਾਲਾਂ ਤੋਂ ਹੀ ਸੋਨੇ ਚਾਂਦੀ ਦੇ ਤੇਜ਼ੀ ਨਾਲ ਮਹਿੰਗੇ ਹੁੰਦੇ ਭਾਅ ਨੇ ਵਿਆਹਾਂ ਦੇ ਸੀਜ਼ਨ 'ਚ ਖ਼ਰੀਦਦਾਰਾਂ ਦਾ ਬਜਟ ਵਿਗਾੜ ਦਿੱਤਾ ਹੈ | ਪੰਜਾਬ ਦੇ ਸ਼ੌਕੀਨ ਲੋਕਾਂ 'ਚ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੀ ਖ਼ਰੀਦੋ ਫ਼ਰੋਖ਼ਤ ਨੂੰ ਲੈ ਕੇ ਸਦਾ ਰੀਝ ਵਾਲਾ ਰੁਝਾਨ ਰਿਹਾ ਹੈ ਅਤੇ ਵਿਆਹਾਂ ਦੇ ਸੀਜ਼ਨ ਵਿਚ ਜਿੱਥੇ ਲੜਕੇ ਜਾਂ ਲੜਕੀ ਵਾਲੇ ਆਪਣੇ ਹਾਰ ਸ਼ਿੰਗਾਰ ਲਈ ਇਨ੍ਹਾਂ ਗਹਿਣਿਆਂ ਦੀ ਖ਼ਰੀਦ ਕਰਦੇ ਹਨ ਉੱਥੇ ਨਾਲ ਹੀ ਦਾਜ ਦੀ ਰਿਵਾਇਤ 'ਚ ਧੀ ਨੂੰ ਸੋਨੇ ਦੀ ਭੇਂਟ ਸ਼ਿੰਗਾਰ ਦੇ ਨਾਲ-ਨਾਲ ਜਾਇਦਾਦ ਦੇ ਤੌਰ 'ਤੇ ਵੀ ਦਿੱਤੀ ਜਾਂਦੀ ਹੈ | ਇਸ ਤੋਂ ਇਲਾਵਾ ਰਿਸ਼ਤੇਦਾਰਾਂ ਨੂੰ ਵੀ ਇਨ੍ਹਾਂ ਗਹਿਣਿਆਂ ਨਾਲ ਨਿਵਾਜਿਆਂ ਜਾਂਦਾ ਹੈ | ਇਸ ਕਰਕੇ ਵਿਆਹਾਂ ਦੇ ਸੀਜ਼ਨ ਵਿਚ ਪੰਜਾਬ ਸੋਨੇ ਦੀ ਖ਼ਰੀਦ ਦੁੱਗਣੀ ਤੋਂ ਵੀ ਵੱਧ ਜਾਂਦੀ ਹੈ | ਪਿਛਲੇ ਕੁਝ ਸਾਲਾਂ ਤੋਂ ਸੋਨੇ ਚਾਂਦੀ ਦੇ ਲਗਾਤਾਰ ਤੇਜ਼ੀ ਨਾਲ ਵਧ ਰਹੇ ਭਾਅ ਕਾਰਨ ਜਿੱਥੇ ਇਨ੍ਹਾਂ ਗਹਿਣਿਆਂ ਦੀ ਖ਼ਰੀਦ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ | ਉੱਥੇ ਸਰਦੇ ਪੁੱਜਦੇ ਪਰਿਵਾਰਾਂ ਦਾ ਵੀ ਇਸ ਮਹਿੰਗਾਈ ਨੇ ਜ਼ੋਰ ਕਰਾ ਦਿੱਤਾ ਹੈ | ਇਸ ਮਹਿੰਗਾਈ ਤੋਂ ਬਚਣ ਲਈ ਸੋਨੇ ਦੇ ਗਹਿਣਿਆਂ ਵਿਚ ਲੋਕ ਕਟੌਤੀ ਕਰਕੇ ਬੁੱਤਾ ਧਕ ਰਹੇ ਹਨ ਜਾਂ ਫੇਰ ਗਹਿਣਿਆਂ ਦਾ ਭਾਰ ਘਟਾ ਕੇ ਕੰਮ ਚਲਾ ਰਹੇ ਹਨ | ਸਰਾਫਾ ਬਾਜ਼ਾਰ ਨਾਲ ਜੁੜੇ ਅੰਕੜਿਆਂ ਮੁਤਾਬਿਕ ਦਸੰਬਰ 2023 'ਚ 24 ਕੈਰਟ ਸੋਨੇ ਦਾ ਭਾਅ ਲਗਪਗ 62,900/- ਰੁਪਏ ਸੀ ਉਹ ਦਸੰਬਰ 2024 ਵਿਚ 78,550/- ਰੁਪਏ ਹੋ ਗਿਆ ਸੀ | ਵਰਤਮਾਨ ਸਮੇਂ ਇਹ ਭਾਅ ਲਗਪਗ 1,40,000/- ਰੁਪਏ ਨੂੰ ਵੀ ਪਾਰ ਕਰ ਗਿਆ ਹੈ | ਇਸੇ ਤਰ੍ਹਾਂ ਦਸੰਬਰ 2023 ਵਿਚ ਚਾਂਦੀ ਦਾ ਭਾਅ 76,200 ਪ੍ਰਤੀ ਕਿੱਲੋ ਦੇ ਲਗਪਗ ਸੀ ਉਹ ਦਸੰਬਰ 2024 ਵਿਚ 91,500/- ਰੁਪਏ ਪ੍ਰਤੀ ਕਿੱਲੋ ਦੇ ਕਰੀਬ ਸੀ | ਵਰਤਮਾਨ ਸਮੇਂ ਇਹ ਭਾਅ 2,29,000/- ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਲਗਪਗ ਹੈ | ਬਰੋਕਰ ਕਮਲ ਕੁਮਾਰ ਕੌਸ਼ਿਕ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜਾਰ ਵਿਚ ਉਥਲ-ਪੁਥਲ, ਮਹਿੰਗਾਈ ਅਤੇ ਨਿਵੇਸ਼ਕਾਂ ਵਲੋਂ ਸੋਨੇ-ਚਾਂਦੀ ਵੱਲ ਵਧ ਰਹੀ ਦਿਲਚਸਪੀ ਕਾਰਨ ਕੀਮਤਾਂ 'ਚ ਇਹ ਤੇਜ਼ੀ ਆਈ ਹੈ | ਉਨ੍ਹਾਂ ਅਨੁਸਾਰ ਜੇਕਰ ਇਹੀ ਰੁਝਾਨ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਕੀਮਤਾਂ ਹੋਰ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ |