ਈਟਾਨਗਰ, 27 ਦਸੰਬਰ (ਏਜੰਸੀ)-ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਅਤੇ ਉਨ੍ਹਾਂ ਦੇ ਡਿਪਟੀ ਚਾਓਨਾ ਮੇਨ ਨੇ ਪ੍ਰਕਾਸ਼ ਪੁਰਬ ਮੌਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਉਨ੍ਹਾਂ ਨੂੰ ਸਾਹਸ, ਦਇਆ ਅਤੇ ਸਰਵਉੱਚ ਕੁਰਬਾਨੀ ਦੇ ਸਦੀਵੀਂ ਪ੍ਰਤੀਕ ਵਜੋਂ ਯਾਦ ਕੀਤਾ | 'ਐਕਸ' 'ਤੇ ਇਕ ਪੋਸਟ 'ਚ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਅਸੀਂ ਆਪਣੀ ਡੂੰਘੀ ਸ਼ਰਧਾ ਅਤੇ ਸਨਮਾਨ ਭੇਟ ਕਰਦੇ ਹਾਂ | ਉਨ੍ਹਾਂ ਕਿਹਾ ਕਿ ਬਹਾਦਰੀ, ਦਇਆ ਅਤੇ ਸਰਵਉੱਚ ਕੁਰਬਾਨੀ ਦੇ ਪ੍ਰਤੀਕ ਗੁਰੂ ਜੀ ਦੀਆਂ ਸਿੱਖਿਆਵਾਂ ਲੋਕਾਂ ਨੂੰ ਸੱਚਾਈ, ਨਿਆਂ ਅਤੇ ਧਾਰਮਿਕਤਾ ਨੂੰ ਕਾਇਮ ਰੱਖਣ ਅਤੇ ਹਰੇਕ ਵਿਅਕਤੀ ਦੀ ਸ਼ਾਨ ਦੀ ਰੱਖਿਆ ਕਰਨ ਦੀ ਤਾਕੀਦ ਕਰਦੀਆਂ ਹਨ | ਉਪ ਮੁੱਖ ਮੰਤਰੀ ਨੇ ਇਕ ਪੋਸਟ 'ਚ ਕਿਹਾ ਕਿ ਮੁਸੀਬਤਾਂ ਦੇ ਬਾਵਜੂਦ ਗੁਰੂ ਜੀ ਨੇ ਮਨੁੱਖਤਾ ਨੂੰ ਸੱਚ, ਨਿਆਂ ਅਤੇ ਧਾਰਮਿਕਤਾ ਲਈ ਖੜ੍ਹੇ ਹੋਣ ਦਾ ਅਸਲ ਅਰਥ ਦਿਖਾਇਆ |