ਜਲੰਧਰ ਛਾਉਣੀ , 29 ਦਸੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉੱਪ ਪੁਲਿਸ ਚੌਕੀ ਦਕੋਹਾ ਅਧੀਨ ਆਉਂਦੇ ਖੇਤਰ ਰਵਿਦਾਸ ਕਾਲੋਨੀ ਵਿਖੇ ਰਹਿੰਦੇ ਕਬਾੜ ਦਾ ਕੰਮ ਕਰਨ ਵਾਲੇ ਬਾਜ਼ੀਗਰ ਸੈੱਲ ਦੇ ਪ੍ਰਧਾਨ ਚੰਨਾ ਸੰਧੂ ਦੇ ਪੁੱਤਰ ਦਾ ਉਸ ਦੇ ਘਰ 'ਚ ਹੀ ਦੋਸਤਾਂ ਵਲੋਂ ਕਤਲ ਕਰ ਦਿੱਤਾ ਗਿਆ | ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਿਸ ਅਧਿਕਾਰੀ ਤੇ ਸੰਬਧਿਤ ਥਾਣੇ ਦੇ ਕਰਮਚਾਰੀ ਪਹੁੰਚ ਗਏ | ਜਾਣਕਾਰੀ ਦਿੰਦੇ ਹੋਏ ਚੰਨਾ ਸੰਧੂ ਨੇ ਦੱਸਿਆ ਕਿ ਉਸ ਦੇ ਪੁੱਤਰ ਹਰਪ੍ਰੀਤ ਆਸ਼ੂ (20) ਦੇ ਦੋ ਦੋਸਤ ਤਰਨਬੀਰ ਟੁੱਟ ਪੁੱਤਰ ਬਿੱਲਾ ਪਰਾਗਪੁਰੀਆ ਵਾਸੀ ਪਰਾਗਪੁਰ ਤੇ ਚਰਨਜੀਤ ਸਿੰਘ ਵਾਸੀ ਪਿੰਡ ਪਾਲਦੀ ਹੁਸ਼ਿਆਰਪੁਰ ਬੀਤੇ ਦੋ ਦਿਨ ਤੋਂ ਸਾਡੇ ਘਰ 'ਚ ਹੀ ਮੇਰੇ ਬੇਟੇ ਦੇ ਕਮਰੇ 'ਚ ਰਹਿ ਰਹੇ ਸਨ ਤੇ ਬੀਤੀ ਰਾਤ ਵੀ ਉਨ੍ਹਾਂ ਨੇ ਰੋਟੀ ਖਾਧੀ ਤੇ ਸੌਂ ਗਏ, ਪ੍ਰੰਤੂ ਜਦੋਂ ਮੈਂ ਸਵੇਰੇ ਜਾ ਕੇ ਦੇਖਿਆ ਤਾਂ ਮੇਰੇ ਪੁੱਤਰ ਦੀ ਲਾਸ਼ ਖੂਨ ਨਾਲ ਲੱਥਪੱਥ ਕਮਰੇ 'ਚ ਪਈ ਸੀ, ਜਿਸ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਕਤਲ ਕਰ ਦਿੱਤਾ ਗਿਆ ਸੀ | ਉਸ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਕੁਝ ਸਮਾਂ ਪਹਿਲਾਂ ਤਰਨਬੀਰ ਟੁੱਟ ਤੇ ਚਰਨਜੀਤ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ ਪਰ ਬਾਅਦ 'ਚ ਉਨ੍ਹਾਂ ਦਾ ਰਾਜ਼ੀਨਾਮਾ ਹੋ ਗਿਆ ਸੀ, ਉਕਤ ਦੋਸ਼ੀਆਂ ਨੇ ਇਸ ਦੀ ਰੰਜਿਸ਼ ਰੱਖਦੇ ਹੋਏ ਇਸ ਘਟਨਾ ਨੂੰ ਅੰਜਾਮ ਦਿੱਤਾ | ਪੁਲਿਸ ਵਲੋਂ ਤਰਨਬੀਰ ਟੁੱਟ ਪੁੱਤਰ ਬਿੱਲਾ ਵਾਸੀ ਪਰਾਗਪੁਰ ਤੇ ਚਰਨਜੀਤ ਸਿੰਘ ਵਾਸੀ ਹੁਸ਼ਿਆਰਪੁਰ ਖ਼ਿਲਾਫ਼ ਕਤਲ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮਿ੍ਤਕ ਹਰਪ੍ਰੀਤ ਆਸ਼ੂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ | ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਰਨਬੀਰ ਟੁੱਟ ਨੂੰ ਸਵੇਰ ਸਮੇਂ ਹੀ ਘਰ 'ਚੋਂ ਕਾਬੂ ਕਰ ਲਿਆ ਗਿਆ ਪਰ ਪੁਲਿਸ ਵਲੋਂ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ | ਜਾਣਕਾਰੀ ਅਨੁਸਾਰ ਤਰਨਬੀਰ ਟੁੱਟ ਪਰਾਗਪੁਰ 'ਚ ਰਹਿੰਦੇ 'ਆਪ' ਆਗੂ ਬਲਬੀਰ ਸਿੰਘ ਟੁੱਟ ਬਿੱਲਾ ਦਾ ਪੁੱਤਰ ਹੈ, ਜਿਸ ਨੇ ਨਗਰ ਨਿਗਮ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਬਤੌਰ ਉਮੀਦਵਾਰ ਚੋਣ ਲੜੀ ਸੀ ਤੇ ਉਹ ਭਾਜਪਾ ਦੇ ਉਮੀਦਵਾਰ ਤੋਂ ਚੋਣ ਹਾਰ ਗਿਆ ਸੀ | ਦੂਜੇ ਪਾਸੇ ਮਿ੍ਤਕ ਹਰਪ੍ਰੀਤ ਆਸ਼ੂ ਦੇ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਖੇ ਨਸ਼ੇ ਨਾਲ ਸੰਬਧਿਤ ਦੋ ਮਾਮਲੇ ਦਰਜ ਹਨ ਤੇ ਬੀਤੇ ਕਰੀਬ 6 ਦਿਨ ਪਹਿਲਾਂ ਹੀ ਉਹ ਜ਼ਮਾਨਤ 'ਤੇ ਘਰ ਆਇਆ ਸੀ |
ਦੋਸਤ ਨਾਲ ਮਿਲ ਕੇ ਦੋਸਤ ਦਾ ਕਤਲ-ਇਕ ਕਾਬੂ <br/>
ਅਜੀਤ ਡੈਸਕ
30-12-2025