ਮੋਗਾ, 2 ਜੂਨ (ਗੁਰਤੇਜ ਸਿੰਘ ਬੱਬੀ)-ਅੱਜ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਅਤੇ ਸ਼ਹਿਰ ਦੇ ਮੰਨੇ ਪਰਮੰਨੇ ਨਗਰ ਨਿਗਮ ਦੇ ਸਾਬਕਾ ਠੇਕੇਦਾਰ ਸੰਤੋਖ ਸਿੰਘ ਵਿਚਕਾਰ ਪਿਛਲੇ ਚਾਰ ਸਾਲ ਤੋਂ ਬੰਦ ਪਏ ਸੀਵਰੇਜ ਨੂੰ ਖੁਲ੍ਹਵਾਉਣ ਦੇ ਮਾਮਲੇ ਨੇ ਤਕਰਾਰ ਤੋਂ ਬਾਅਦ ਹੱਥੋ ਪਾਈ ਦਾ ਰੂਪ ਧਾਰਨ ਕਰ ਲਿਆ | ਇਸ ਘਟਨਾ ਤੋਂ ਬਾਅਦ ਠੇਕੇਦਾਰ ਸੰਤੋਖ ਸਿੰਘ ਸਿਵਲ ਹਸਪਤਾਲ ਮੋਗਾ ਵਿਚ ਜੇਰੇ ਇਲਾਜ ਹੈ | ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਰਣਜੀਤ ਨਗਰ ਦੀ ਸੀਵਰੇਜ ਵਾਲੀ ਪਾਈਪ ਪਿਛਲੇ ਚਾਰ ਸਾਲ ਤੋਂ ਬੰਦ ਪਈ ਸੀ ਪਰ ਨਗਰ ਨਿਗਮ ਮੋਗਾ ਨੂੰ ਪਾਈਪ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਜੋੜਿਆ ਨਹੀਂ ਸੀ ਜਾ ਸਕਿਆ | ਜਿਸ ਨਾਲ ਲੋਕਾਂ ਵਿਚ ਗੰਦੇ ਪਾਣੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਸੀ | ਜਿਸ ਦੇ ਚਲਦਿਆਂ ਠੇਕੇਦਾਰ ਸੰਤੋਖ ਸਿੰਘ ਜੋ ਕਿ ਲੰਬਾ ਸਮਾਂ ਨਗਰ ਨਿਗਮ ਅੰਦਰ ਠੇਕੇਦਾਰੀ ਕਰਦੇ ਹੋਣ ਕਰਕੇ ਉਨ੍ਹਾਂ ਨੂੰ ਸੀਵਰ ਪਾਈਪ ਲਾਈਨਾਂ ਦਾ ਪਤਾ ਸੀ ਅਤੇ ਉਨ੍ਹਾਂ ਨੇ ਨਗਰ ਨਿਗਮ ਮੋਗਾ ਤੋਂ ਮਸ਼ੀਨਾਂ ਲਿਜਾ ਕੇ ਉਕਤ ਸੀਵਰ ਪਾਈਪ ਨੂੰ ਜੋੜ ਦਿੱਤਾ ਅਤੇ ਤੇ ਪਾਈਪ ਜੋੜਨ ਤੋਂ ਬਾਅਦ ਉਨ੍ਹਾਂ ਨੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੂੰ ਉਸ ਜਗ੍ਹਾ 'ਤੇ ਬੁਲਾ ਲਿਆ ਪਰ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਆਪਸ ਵਿਚ ਤਿੱਖੀ ਬਹਿਸ ਹੋ ਗਈ ਤੇ ਮਾਮਲੇ ਹੱਥੋ ਪਾਈ ਤੱਕ ਪਹੁੰਚ ਗਿਆ ਅਤੇ ਸੀ.ਸੀ.ਟੀ.ਵੀ. ਕੈਮਰੇ ਵਿਚ ਮੇਅਰ ਬਲਜੀਤ ਸਿੰਘ ਚਾਨੀ ਦੇ ਹੱਥ ਵਿਚ ਪਿਸਤੌਲ ਵੀ ਨਜ਼ਰ ਆ ਰਿਹਾ ਹੈ | ਮੇਅਰ ਬਲਜੀਤ ਸਿੰਘ ਚਾਨੀ ਨਾਲ ਜਦੋਂ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੀਵਰੇਜ ਅਤੇ ਪਾਣੀ ਦਾ ਕੰਮ ਨਗਰ ਨਿਗਮ ਮੋਗਾ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ ਪਰ ਸੰਤੋਖ ਸਿੰਘ ਬਿਨਾਂ ਕਿਸੇ ਅਧਿਕਾਰੀ ਨੂੰ ਦੱਸੇ ਨਗਰ ਨਿਗਮ ਵਿਚੋਂ ਮਸ਼ੀਨਾਂ ਲੈ ਆਇਆ, ਜੋ ਕਿ ਬਿਲਕੁਲ ਗ਼ਲਤ ਹੈ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸੰਤੋਖ ਸਿੰਘ ਨੇ ਉਸ ਨਾਲ ਗਾਲੀ ਗਲੋਚ ਕੀਤਾ ਤੇ ਉਨ੍ਹਾਂ ਦੇ ਇੱਟ ਮਾਰਨ ਦੀ ਕੋਸ਼ਿਸ਼ ਕੀਤੀ ਜਿਸ 'ਤੇ ਉਨ੍ਹਾਂ ਨੂੰ ਆਪਣੇ ਬਚਾਅ ਲਈ ਲਾਇਸੈਂਸੀ ਪਿਸਤੌਲ ਕੱਢਣਾ ਪਿਆ | ਦੂਸਰੇ ਪਾਸੇ ਠੇਕੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਇਹ ਕੰਮ ਉਨ੍ਹਾਂ ਵਿਧਾਇਕ ਮੋਗਾ ਦੇ ਆਖਣ 'ਤੇ ਕੀਤਾ ਸੀ ਕਿਉਂਕਿ ਲੋਕ ਵਾਰ ਵਾਰ ਹਲਕਾ ਵਿਧਾਇਕ ਕੋਲ ਜਾ ਕੇ ਉਕਤ ਸੀਵਰ ਪਾਈਪ ਨੂੰ ਜੋੜ ਕੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਕਹਿ ਰਹੇ ਸਨ | ਇਸ ਲਈ ਵਿਧਾਇਕ ਮੋਗਾ ਨੇ ਉਨ੍ਹਾਂ ਦੀ ਡਿਊਟੀ ਉਸ ਪਾਈਪ ਨੂੰ ਜੋੜਨ ਦੀ ਲਗਾ ਦਿੱਤੀ ਸੀ ਅਤੇ ਉਨ੍ਹਾਂ ਨੇ ਉਕਤ ਪਾਈਪ ਜੋੜ ਕੇ ਸਮਾਜ ਸੇਵਾ ਹੀ ਕੀਤੀ ਹੈ ਪਰ ਨਗਰ ਨਿਗਮ ਦੇ ਮੇਅਰ ਜਿਸ ਨੂੰ ਫਾਦਰ ਆਫ਼ ਸਿਟੀ ਮੰਨਿਆ ਜਾਂਦਾ ਹੈ, ਦਾ ਉਸ ਦਾ ਅਜਿਹਾ ਵਿਵਹਾਰ ਸ਼ੋਭਾ ਨਹੀਂ ਦਿੰਦਾ | ਇਸ ਮਾਮਲੇ ਵਿਚ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਤੇ ਠੇਕੇਦਾਰ ਸੰਤੋਖ ਸਿੰਘ ਇਕ ਦੂਸਰੇ ਉੱਪਰ ਦੋਸ਼ ਲਗਾਉਂਦੇ ਨਜ਼ਰ ਆ ਰਹੇ ਹਨ ਜਦੋਂ ਕਿ ਦੂਸਰੇ ਪਾਸੇ ਥਾਣਾ ਸਿਟੀ ਇਕ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵੀਡੀਓ ਵਾਇਰਲ ਤੋਂ ਹੀ ਪਤਾ ਲੱਗਾ ਸੀ ਪਰ ਉਨ੍ਹਾਂ ਕੋਲ ਅਜੇ ਤੱਕ ਕੋਈ ਵੀ ਸ਼ਿਕਾਇਤ ਨਹੀਂ ਆਈ | ਜੇਕਰ ਠੇਕੇਦਾਰ ਸੰਤੋਖ ਸਿੰਘ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਹੈ ਤਾਂ ਐਮ.ਐਲ.ਆਰ. ਆਉਣ 'ਤੇ ਉਨ੍ਹਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ |