ਕੋਟ ਈਸੇ ਖਾਂ, 2 ਜੂਨ (ਨਿਰਮਲ ਸਿੰਘ ਕਾਲੜਾ)-ਜ਼ਿਲ੍ਹਾ ਮੋਗਾ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਪੰਜਵੀਂ ਵਾਰ ਫ਼ੇਲ੍ਹ ਸਾਬਤ ਹੋਈ | ਆਪ ਸਰਕਾਰ ਦੀ ਪੰਜਵੀਂ ਵਾਰ ਸਮਾਂ ਹੱਦ ਵੀ ਲੰਘ ਗਈ ਪਰ ਪੰਜਾਬ ਨਸ਼ਾ ਮੁਕਤ ਨਹੀਂ ਹੋਇਆ | ਪੰਜਾਬ ਸਰਕਾਰ ਵਲੋਂ ਹਰ ਪਿੰਡ ਨਸ਼ਿਆਂ ਵਿਰੁੱਧ ਯੁੱਧ ਪ੍ਰੋਗਰਾਮ ਕਰਵਾ ਕੇ ਥਾਂ ਥਾਂ ਫਲੈਕਸ ਬੋਰਡ ਲਗਾ ਕੇ ਟੀ ਸ਼ਰਟਾਂ ਬਣਵਾ ਕੇ ਅਤੇ ਹੋਰ ਸਮੱਗਰੀ 'ਤੇ ਕਰੋੜਾਂ ਰੁਪਏ ਬਰਬਾਦ ਕੀਤੇ | ਉਨ੍ਹਾਂ ਕਿਹਾ ਕਿ ਸਰਕਾਰ ਤਾਂ ਪਹਿਲਾਂ ਹੀ ਬਹੁਤ ਕਰਜ਼ਾਈ ਹੈ ਕਿ ਇਸ ਹੁਣ ਕਰੋੜਾਂ ਰੁਪਏ ਦੇ ਖ਼ਰਚੇ ਨੂੰ ਸਰਕਾਰ ਜਨਤਕ ਕਰੇਗੀ | ਲੋਹਗੜ੍ਹ ਨੇ ਕਿਹਾ ਕਿ ਸਰਕਾਰ ਵਲੋਂ ਚਲਾਈ ਗਈ ਇਸ ਮੁਹਿੰਮ ਨਾਲ ਨਸ਼ਿਆਂ ਦੀ ਕੋਈ ਸਪਲਾਈ ਨਹੀਂ ਟੁੱਟ ਸਕੀ, ਸਗੋਂ ਛੋਟੀਆਂ ਛੋਟੀਆਂ ਬੱਚੀਆਂ ਵਲੋਂ ਨਸ਼ੇ ਕਰਨ ਦੇ ਚਿੰਤਾਜਨਕ ਮਾਮਲੇ ਸਾਹਮਣੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਜੇ ਸਰਕਾਰ ਦਿਲੋਂ ਨਸ਼ਾ ਬੰਦ ਕਰਨਾ ਚਾਹੁੰਦੀ ਹੈ ਤਾਂ ਪ੍ਰਸ਼ਾਸਨ 'ਤੇ ਨਕੇਲ ਪਾਵੇ ਜਿਹੜਾ ਕਿ ਨਸ਼ਾ ਵਿਕਾਉਂਦਾ ਹੈ |