ਅਜੀਤਵਾਲ, 2 ਜੂਨ (ਹਰਦੇਵ ਸਿੰਘ ਮਾਨ)-ਸਹਾਇਕ ਡਾਇਰੈਕਟਰ ਯੂਥ ਸੇਵਾਵਾਂ ਮੋਗਾ ਦਵਿੰਦਰ ਸਿੰਘ ਲੋਟੇ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ 'ਵਿਸ਼ਵ ਤੰਬਾਕੂ ਰਹਿਤ ਦਿਵਸ' ਮਨਾਇਆ ਗਿਆ | ਡਾ. ਮਾਨਿਕ ਸਿੰਗਲਾ ਨੇ ਤੰਬਾਕੂ ਕਾਰਨ ਹੋਣ ਵਾਲੇ ਘਾਤਕ ਨਤੀਜਿਆਂ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਕਿਸੇ ਵੀ ਰੂਪ ਵਿਚ ਤੰਬਾਕੂ ਦੀ ਵਰਤੋਂ, ਭਾਵੇਂ ਉਹ ਬੀੜੀ ਸਿਗਰਟ ਹੋਵੇ, ਪਾਨ ਗੁਟਖਾ ਹੋਵੇ, ਖੈਨੀ ਹੋਵੇ ਜਾਂ ਮਾਵਾ, ਇਸ ਦਾ ਅੰਤਿਮ ਨਤੀਜਾ ਸਿਰਫ਼ ਅਤੇ ਸਿਰਫ਼ ਮੌਤ ਹੀ ਹੁੰਦੀ ਹੈ | ਇਹ ਇਕ ਅਜਿਹਾ ਜ਼ਹਿਰ ਹੈ, ਜੋ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ | ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਕਿਹਾ ਕਿ ਤੰਬਾਕੂ ਵਿਚਲੇ ਅਲਕਲੋਇਡ ਨਿਕੋਟੀਨ ਦਿਮਾਗ਼ ਵਿਚ ਡੋਪਾਮਾਈਨ ਪੈਦਾ ਕਰਕੇ ਨੈਚੂਰਲ ਤਰੀਕੇ ਨਾਲ ਸਰੀਰ ਨੂੰ ਖ਼ੁਸ਼ੀ ਜਿਹੀ ਦਿੰਦਾ ਹੈ, ਪਰ ਬਾਅਦ ਵਿਚ ਤਲਬ, ਤੋੜ ਲਾ ਕੇ ਤੰਬਾਕੂ ਦੀ ਵਰਤੋਂ ਲਈ ਮਜਬੂਰ ਕਰਦਾ ਹੈ | ਪ੍ਰੋਜੈਕਟ ਇੰਚਾਰਜ ਹਰਮੇਲ ਸਿੰਘ ਨੇ ਦੱਸਿਆ ਕਿ ਸਿਗਰਟਨੋਸ਼ੀ ਨਾਲ ਵੀ ਸਾਡੇ ਫੇਫੜਿਆਂ, ਦਿਲ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ | ਮੈਡਮ ਵਿਸ਼ਾਲਜੀਤ ਕੌਰ ਨੇ ਕਿਹਾ ਕਿ ਨਸ਼ੇ ਦਾ ਸਮਾਨ ਬਣਾਉਣ ਵਾਲੀਆਂ ਕੰਪਨੀਆਂ ਬਦਲਦੇ ਸਮੇਂ ਨਾਲ, ਟੈਕਨਾਲੋਜੀ ਦੀ ਵਰਤੋਂ ਕਰਕੇ ਅਜਿਹੇ ਉਤਪਾਦ ਤਿਆਰ ਕਰ ਰਹੇ ਹਨ ਜਿਨ੍ਹਾਂ ਦਾ ਪਤਾ ਵੀ ਨਾ ਲੱਗੇ ਪਰ ਲੋਕਾਂ ਵਿਚ ਇਸ ਦੀ ਵਰਤੋਂ ਕਰਨ ਦੀ ਆਦਤ ਵੀ ਬਣ ਜਾਵੇ | ਮੈਡਮ ਮਨਵੀਨ ਕੌਰ ਨੇ ਕਿਹਾ ਕਿ ਈ-ਸਿਗਰਟ ਦੀ ਵਰਤੋਂ ਸਾਡੀ ਇਮੂਨਿਟੀ ਨੂੰ ਖ਼ਤਮ ਕਰਕੇ ਸੰਕਰਮਣ ਬਿਮਾਰੀਆਂ ਦੇ ਲੱਗਣ ਦਾ ਕਾਰਨ ਬਣਦੀ ਹੈ | ਪ੍ਰੋਜੈਕਟ ਇੰਚਾਰਜ ਹਰਮੇਲ ਸਿੰਘ ਨੇ ਕਿਹਾ ਕਿ ਚਬਾਉਣ ਵਾਲਾ ਤੰਬਾਕੂ ਤੇ ਪਾਨ ਮਸਲਾ, ਜਰਦਾ, ਗੁਟਖਾ, ਖੈਨੀ ਦੀ ਵਰਤੋਂ ਨਾਲ ਵਾਰ-ਵਾਰ ਥੁੱਕਣਾ ਪੈਂਦਾ ਹੈ, ਜਿਸ ਕਾਰਣ ਕੋਵਿਡ-19 ਦੇ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ | ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਡਾ. ਮਾਨਿਕ ਸਿੰਗਲਾ ਅਤੇ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਅਤੇ ਸਟਾਫ਼ ਮੈਂਬਰ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ |