ਮੋਗਾ, 4 ਜੂਨ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਸ਼ਹਿਰ ਦੇ ਵਾਰਡ ਨੰਬਰ 30 ਅਤੇ 31 ਵਿਚ ਲੋਕ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ | ਲੋਕਾਂ ਦੀ ਮੁੱਖ ਸਮੱਸਿਆ ਨੂੰ ਦੇਖਦੇ ਹੋਏ ਅੱਜ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵਲੋਂ ਬਹਾਦਰ ਨਗਰ ਵਿਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿਛਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ, ਕੌਂਸਲਰ ਬੂਟਾ ਸਿੰਘ, ਕੌਂਸਲਰ ਗੁਰਦੀਪ ਕੌਰ, ਕੌਂਸਲਰ ਪਾਇਲ ਗਰਗ ਦੇ ਪਤੀ ਆਪ ਆਗੂ ਗੌਰਵ ਗਰਗ, ਸਾਬਕਾ ਕੌਂਸਲਰ ਦਵਿੰਦਰ ਤਿਵਾੜੀ, ਬਾਬਾ ਟੇਕ ਸਿੰਘ, ਬਲਦੇਵ ਕੋਠੇ ਪੱਤੀ ਮੁਹੱਬਤ, ਆਦੇਸ਼ ਸਹਿਗਲ ਤੋਂ ਇਲਾਵਾ ਵਾਰਡ ਵਾਸੀ ਮੌਜੂਦ ਸਨ | ਇਸ ਮੌਕੇ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦੀ ਸਮੱਸਿਆ ਬਹਾਦਰ ਨਗਰ ਵਾਸੀਆਂ ਵਲੋਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਗਈ ਸੀ ਜਿਸ 'ਤੇ ਉਨ੍ਹਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਵਿਕਾਸ ਕਾਰਜਾਂ ਲਈ ਗਰਾਂਟ ਪ੍ਰਾਪਤ ਕਰ ਕੇ ਵਾਰਡ ਵਿਚ ਵਿਕਾਸ ਕਾਰਜ ਸ਼ੁਰੂ ਕਰਵਾਏ | ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਸਾਰੇ ਵਸਨੀਕਾਂ ਦੇ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਜੋੜੇ ਜਾਣਗੇ |