ਕੋਟ ਈਸੇ ਖਾਂ, 1 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਹਲਕਾ ਧਰਮਕੋਟ ਵਿਚ ਧੁੱਸੀ ਬੰਨ੍ਹ ਨਾਲ ਲੱਗਦੇ ਜਿਨ੍ਹਾਂ ਪਿੰਡਾਂ ਵਿਚ ਪਾਣੀ ਤੇ ਬਾਰਿਸ਼ਾਂ ਨਾਲ ਨੁਕਸਾਨ ਹੋਇਆ ਹੈ, ਉਨ੍ਹਾਂ ਪਿੰਡਾਂ ਵਿਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਤੇ ਵਿਧਾਇਕ ਲਾਡੀ ਢੋਸ ਵਲੋਂ ਬਿਨਾਂ ਕਿਸੇ ਪੱਖਪਾਤ ਦੇ ਲੋੜਵੰਦਾਂ ਲਈ ਦਿਨ ਰਾਤ ਇਕ ਕੀਤਾ ਗਿਆ ਹੈ | ਇਹ ਪ੍ਰਗਟਾਵਾ 'ਆਪ' ਬਲਾਕ ਪ੍ਰਧਾਨ ਅਮਨ ਸਰਪੰਚ ਕਾਦਰ ਵਾਲਾ, ਪਿੰਡ ਖੋਸਾ ਰਣਧੀਰ ਦੇ ਸਰਪੰਚ ਰਮਨਦੀਪ ਸਿੰਘ ਰਿੰਪੀ, ਪਰਮਿੰਦਰ ਸਿੰਘ ਸਰਪੰਚ ਜਨੇਰ ਅਤੇ ਮਲੂਕ ਸਿੰਘ ਸਰਪੰਚ ਮਸਤੇਵਾਲਾ ਨੇ ਪੈੱ੍ਰਸ ਬਿਆਨ ਰਾਹੀਂ ਕਿਹਾ ਕਿ ਹਲਕਾ ਵਿਧਾਇਕ ਵਲੋਂ ਸੰਘੇੜਾ, ਮੰਦਰ ਕਲਾਂ, ਸ਼ੇਰੇ ਵਾਲਾ, ਦੌਲੇ ਵਾਲਾ, ਬੰਡਾਲਾ ਤੇ ਹੋਰ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀਆਂ ਲੋੜਾਂ ਲਈ ਰਾਸ਼ਨ, ਲੰਗਰ, ਤਰਪਾਲਾਂ, ਪੀਣ ਵਾਲਾ ਪਾਣੀ, ਪਸ਼ੂਆਂ ਲਈ ਅਚਾਰ ਅਤੇ ਫੀਡ ਤੇ ਹੋਰ ਲੋੜੀਂਦੀਆਂ ਵਸਤੂਆਂ ਲਗਾਤਾਰ ਭੇਜੀਆਂ ਜਾ ਰਹੀਆਂ ਹਨ | ਇਸ ਤੋਂ ਇਲਾਵਾ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਵਰਕਰਾਂ ਵਲੋਂ ਵੱਖ-ਵੱਖ ਪਿੰਡਾਂ 'ਚੋਂ ਰਾਹਤ ਸਮੱਗਰੀ ਇਕੱਤਰ ਕਰਕੇ ਹਲਕਾ ਧਰਮਕੋਟ ਦੇ ਕੁਝ ਪ੍ਰਭਾਵਿਤ ਪਿੰਡਾਂ ਤੋਂ ਇਲਾਵਾ ਬਾਹਰਲੇ ਇਲਾਕਿਆਂ ਦੇ ਹੜ ਪ੍ਰਭਾਵਿਤ ਲੋਕਾਂ ਤੱਕ ਵੀ ਲਗਾਤਾਰ ਪਹੁੰਚਾਈ ਜਾ ਰਹੀ ਹੈ | ਆਗੂਆਂ ਕਿਹਾ ਕਿ ਸੂਬਾ ਸਰਕਾਰ ਦੇ ਹਰ ਮੰਤਰੀ ਤੇ ਵਿਧਾਇਕਾਂ ਵਲੋਂ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਹੜ ਪ੍ਰਭਾਵਿਤ ਲੋਕਾਂ ਦੇ ਲੇਖੇ ਲਾਉਣੀ ਵੀ ਬੇਹੱਦ ਸ਼ਲਾਘਾਯੋਗ ਕਦਮ ਹੈ |