ਮੋਗਾ, 2 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿਚ ਕੱਲ੍ਹ ਹੋਈ ਬਾਰਸ਼ ਕਾਰਨ ਸਾਲ 1906 ਵਿਚ ਬਣੇ ਗੇਟ ਦੀ ਛੱਤ ਕੱਲ੍ਹ ਡਿੱਗ ਗਈ | ਅੱਜ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਨਗਰ ਨਿਗਮ ਅਧਿਕਾਰੀਆਂ ਨਾਲ ਸਥਿਤੀ ਦਾ ਜਾਇਜ਼ਾ ਲਿਆ | ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੋਗਾ ਦੀ ਪੁਰਾਣੀ ਦਾਣਾ ਮੰਡੀ ਦੇ ਗੇਟ, ਜੋ ਕਿ 120 ਸਾਲ ਪਹਿਲਾਂ ਸਾਲ 1906 ਵਿਚ ਬਣੇ ਸਨ, ਪੁਰਾਣੀ ਵਿਰਾਸਤ ਨੂੰ ਦਰਸਾਉਂਦੇ ਹਨ | ਲਗਾਤਾਰ ਮੀਂਹ ਕਾਰਨ ਗੇਟ ਦੀ ਛੱਤ ਡਿੱਗ ਗਈ | ਅੱਜ ਉਨ੍ਹਾਂ ਨਗਰ ਨਿਗਮ ਮੋਗਾ ਦੇ ਅਧਿਕਾਰੀਆਂ ਨਾਲ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੰਡੀ ਦੇ ਗੇਟਾਂ ਦੇ ਵਿਰਾਸਤੀ ਪਹਿਲੂ ਨੂੰ ਬਣਾਈ ਰੱਖਦੇ ਹੋਏ ਨਵੇਂ ਗੇਟਾਂ ਦੀ ਉਸਾਰੀ ਦਾ ਅਨੁਮਾਨ ਲਗਾਉਣ ਲਈ ਕਿਹਾ ਹੈ ਅਤੇ ਜਲਦੀ ਹੀ ਨਵੇਂ ਗੇਟ ਬਣਾਏ ਜਾਣਗੇ ਅਤੇ ਵਿਰਾਸਤੀ ਪਹਿਲੂ ਦਿੱਤਾ ਜਾਵੇਗਾ | ਨਿਰੀਖਣ ਦੌਰਾਨ ਉਨ੍ਹਾਂ ਪੁਰਾਣੀ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਜਨਤਕ ਸਮੱਸਿਆਵਾਂ ਸੁਣੀਆਂ ਅਤੇ ਨਿਗਮ ਅਧਿਕਾਰੀਆਂ ਨੂੰ ਮੌਕੇ 'ਤੇ ਹੀ ਪੈਦਾ ਹੋਈਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਆਦੇਸ਼ ਦਿੱਤੇ |