ਫਤਿਹਗੜ੍ਹ ਪੰਜਤੂਰ, 2 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਪਿਛਲੇ ਕੁਝ ਦਿਨਾਂ ਤੋਂ ਉੱਪਰਲੇ ਹਿੱਸਿਆਂ 'ਚ ਹੋ ਰਹੀ ਭਾਰੀ ਬਾਰਸ਼ ਕਾਰਨ ਦਰਿਆ ਸਤਲੁਜ ਵਿਚ ਮੁੜ ਪਾਣੀ ਛੱਡੇ ਜਾਣ ਕਾਰਨ ਦਰਿਆ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਮੁੜ ਵਧਣਾ ਸ਼ੁਰੂ ਹੋ ਗਿਆ ਹੈ | ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਦੇ ਅੰਦਰ ਵਸੇ ਅਤੇ ਥਾਣਾ ਫਤਿਹਗੜ੍ਹ ਪੰਜਤੂਰ ਅਧੀਨ ਪੈਂਦੇ ਪਿੰਡ ਸੰਘੇੜਾ ਦਾ ਜਿੱਥੇ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਜਾਇਜਾ ਲਿਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਪੁਲਿਸ ਵਲੋਂ ਵੀ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ ਜਾ ਰਿਹਾ ਹੈ | ਡੀ. ਐਸ. ਪੀ. ਜਸਵਰਿੰਦਰ ਸਿੰਘ ਧਰਮਕੋਟ ਨਾਲ ਥਾਣਾ ਮੁਖੀ ਸੁਨੀਤਾ ਬਾਵਾ ਵਲੋਂ ਪਾਣੀ ਵਿਚ ਫਸੇ ਪਿੰਡ ਸੰਘੇੜਾ ਦੇ ਘਰਾਂ ਵਿਚ ਬੈਠੇ ਨਿਵਾਸੀਆਂ ਨੂੰ ਪਿੰਡ ਤੋਂ ਬਾਹਰ ਆਉਣ ਲਈ ਅਪੀਲ ਕੀਤੀ ਜਾ ਰਹੀ ਹੈ ਤੇ ਧੁੱਸੀ ਬੰਨ੍ਹ ਉੱਪਰ ਪੁਲਿਸ ਪਾਰਟੀ ਤਿੱਖੀ ਨਿਗਰਾਨੀ ਕਰ ਰਹੀ ਹੈ | ਇਸ ਮੌਕੇ ਐਸ. ਆਈ. ਮੇਜਰ ਸਿੰਘ, ਹੌਲਦਾਰ ਕੁਲਦੀਪ ਸਿੰਘ, ਗੁਰਸਿਮਰਨ ਸਿੰਘ ਗੁਰੀ, ਸਿਪਾਹੀ ਮਨਜਿੰਦਰ ਕੌਰ ਤੋਂ ਇਲਾਵਾ ਹੋਰ ਵੀ ਮੁਲਾਜ਼ਮ ਹਾਜ਼ਰ ਸਨ |