ਬਰਗਾੜੀ, 2 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)-ਕਸਬਾ ਬਰਗਾੜੀ ਦੇ ਨਜ਼ਦੀਕ ਤੋਂ ਲੰਘਦੇ ਡਰੇਨ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਰਕੇ ਇਸ 'ਚ ਜਲ-ਬੂਟੀ ਅਤੇ ਸਰਕੰਡਾ ਉੱਗਣ ਤੋਂ ਇਲਾਵਾ ਲੋਕਾਂ ਵਲੋਂ ਇਸ 'ਚ ਕੂੜਾ-ਕਰਕਟ ਸੁੱਟੇ ਜਾਣ ਕਾਰਨ ਇਸ 'ਚ ਪਾਣੀ ਦਾ ਨਿਕਾਸ ਬਿਲਕੁਲ ਨਹੀਂ ਹੋ ਰਿਹਾ | ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇਸ 'ਚ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਗਿਆ ਹੈ | ਇਸ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਇਹ ਪਾਣੀ ਨੇੜਲੇ ਖੇਤਾਂ 'ਚ ਦਾਖਲ ਹੋ ਗਿਆ ਹੈ | ਜਿਸ ਕਰਕੇ ਕਿਸਾਨਾਂ ਦੀ ਸੈਂਕੜੇ ਝੋਨੇ ਦੀ ਫ਼ਸਲ ਪ੍ਰਭਾਵਿਤ ਹੋ ਰਹੀ ਹੈ | ਅੱਜ ਕਿਸਾਨਾਂ ਇੱਕਠੇ ਹੋ ਕਿ ਆਪਣੀ ਮੁਸ਼ਕਿਲ ਨੂੰ ਪਿ੍ੰਟ ਮੀਡੀਏ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਬਾਰਿਸ਼ ਦੇ ਮੌਸਮ ਤੋਂ ਪਹਿਲਾਂ ਡਰੇਨ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲ ਕਿ ਡਰੇਨ ਦੀ ਸਫ਼ਾਈ ਕਰਵਾਉਣ ਲਈ ਮੰਗ ਪੱਤਰ ਦਿੱਤਾ ਸੀ ਪ੍ਰੰਤੂ ਉਨ੍ਹਾਂ ਦੀ ਇਸ ਮੰਗ 'ਤੇ ਅੱਜ ਤੱਕ ਕੋਈ ਅਮਲ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਇਸ ਡਰੇਨ ਦੀ ਸਫ਼ਾਈ ਪਿਛਲੇ ਲਗਪਗ 5 ਸਾਲ ਤੋਂ ਨਹੀਂ ਹੋਈ ਜਿਸ ਕਰਕੇ ਅੱਜ ਇਸ ਦੇ ਪਾਣੀ ਦੇ ਖੇਤਾਂ 'ਚ ਦਾਖਲ ਹੋਣ ਕਾਰਨ ਸੈਂਕੜੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਣ ਦਾ ਖਦਸਾ ਹੈ ਕਿੳਾਕਿ ਇਸ 'ਚ ਮੀਂਹ ਦੇ ਪਾਣੀ ਤੋਂ ਇਲਾਵਾ ਬਰਗਾੜੀ ਸਮੇਤ ਪਿਛਲੇ ਕਈ ਪਿੰਡਾਂ ਦਾ ਗੰਦਾ ਪਾਣੀ ਇਸ 'ਚ ਪੈਂਦਾ ਹੋਣ ਕਰਕੇ ਇਹ ਫ਼ਸਲਾਂ ਲਈ ਨੁਕਸਾਨ ਦੇਹ ਸਾਬਤ ਹੋਵੇਗਾ | ਕਿਸਾਨਾਂ ਨੇ ਸਬੰਧਿਤ ਵਿਭਾਗ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਇਸ ਮੁਸ਼ਕਿਲ 'ਤੇ ਤੁਰੰਤ ਅਮਲ ਨਾ ਕੀਤਾ ਗਿਆ ਤਾਂ ਉਹ ਡਰੇਨ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਲਾਉਣ ਲਈ ਮਜਬੂਰ ਹੋਣਗੇ | ਇਸ ਮੌਕੇ ਸਰਪੰਚ ਪ੍ਰਤਾਪ ਸਿੰਘ, ਨੰਬਰਦਾਰ ਸੁਖਪਾਲ ਸਿੰਘ, ਸੁਖਚੈਨ ਸਿੰਘ, ਰੇਸ਼ਮ ਸਿੰਘ, ਸੁਰਜੀਤ ਸਿੰਘ, ਰਣਜੀਤ ਸਿੰਘ, ਜਗਸੀਰ ਸਿੰਘ ਸਿਵੀਆਂ, ਬੱਗੜ ਢਿੱਲੋਂ, ਬਿੱਟੂ ਢਿੱਲੋਂ, ਕੁਲਵਿੰਦਰ ਸਿੰਘ ਢਿੱਲੋਂ, ਜਸਵੰਤ ਸਿੰਘ ਢਿੱਲੋਂ, ਬੇਅੰਤ ਸਿਵੀਆਂ, ਹਰਬੰਸ ਸਿੰਘ ਸੰਧੂ, ਪੰਮਾ ਬਰਾੜ, ਪਰਗਟ ਸਿੰਘ ਢਿੱਲੋਂ, ਬਿਕਰਮਜੀਤ ਸਿੰਘ ਬਰਾੜ, ਵਕੀਲ ਗੋਂਦਾਰਾ, ਬਲਰਾਜ ਸਿੰਘ ਆਦਿ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |