ਨਿਹਾਲ ਸਿੰਘ ਵਾਲਾ, 3 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਸਿੱਖਿਆ ਦੇ ਖੇਤਰ ਵਿਚ ਵਿਲੱਖਣ ਸੇਵਾਵਾਂ ਨਿਭਾ ਰਹੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਵਲੋਂ ਹੜ੍ਹ ਪ੍ਰਭਾਵਿਤ ਦੂਰ ਦੁਰੇਡੇ ਇਲਾਕਿਆਂ ਦੇ ਲੋਕਾਂ ਤੱਕ ਲੋੜੀਂਦਾ ਰਾਸ਼ਨ ਅਤੇ ਹੋਰ ਸਮਗਰੀ ਪਹੁੰਚਾਉਣ ਲਈ ਅਣਥੱਕ ਸੇਵਾ ਕੀਤੀ ਜਾ ਰਹੀ ਹੈ | ਸੇਵਾਦਾਰ ਭਾਈ ਸੋਹਣ ਸਿੰਘ ਰੌਂਤਾ ਨੇ ਦੱਸਿਆ ਕਿ ਪ੍ਰੋਜੈਕਟ ਦੇ ਸੰਚਾਲਕ ਭਾਈ ਜਸਵਿੰਦਰ ਸਿੰਘ ਖ਼ਾਲਸਾ ਯੂ.ਕੇ. ਦੀ ਅਗਵਾਈ ਹੇਠ ਟੀਮ ਵਲੋਂ ਪਿਛਲੇ ਦਸ ਦਿਨਾਂ ਤੋਂ ਇਹ ਸੇਵਾਵਾਂ ਲਗਾਤਾਰ ਨਿਭਾਈਆਂ ਜਾ ਰਹੀਆਂ ਹਨ | ਭਾਈ ਜਸਵਿੰਦਰ ਸਿੰਘ ਇੰਗਲੈਂਡ ਦੁਆਰਾ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮਿਲ ਕੇ ਚਾਰ ਕਿਸ਼ਤੀਆਂ ਦੀ ਸਹਾਇਤਾ ਨਾਲ ਧੀਰਾ ਘਾਰਾ, ਟੋਲੀ ਗ੍ਰਾਮ ਆਦਿ ਪਿੰਡਾਂ ਵਿਚ ਸੁੱਕੇ ਰਾਸ਼ਨ ਦੀਆਂ ਕਿੱਟਾਂ, ਪੀਣ ਵਾਲੇ ਪਾਣੀ ਦੀਆਂ ਬੋਤਲਾਂ, ਮੋਮੀ ਕਾਗ਼ਜ਼ ਤੇ ਤਰਪਾਲਾਂ ਆਦਿ ਦੀ ਸੇਵਾ ਪਿਛਲੇ ਦਸ ਦਿਨਾਂ ਤੋਂ ਲਗਾਤਾਰ ਨਿਭਾਈ ਜਾ ਰਹੀ ਹੈ | ਸੇਵਾਦਾਰ ਖ਼ੁਦ ਕਿਸ਼ਤੀਆਂ ਤੇ ਜਾ ਕੇ ਇਹ ਸਮਾਨ ਲੋੜਵੰਦਾਂ ਦੇ ਘਰਾਂ ਤੱਕ ਪਹੁੰਚਦਾ ਕਰ ਰਹੇ ਹਨ | ਹੁਸੈਨੀਵਾਲਾ ਬਾਰਡਰ ਏਰੀਏ ਦੇ ਆਖ਼ਰੀ ਪਿੰਡ ਰਾਜੋ ਦੀ ਗੱਟੀ ਦੇ ਇਲਾਕੇ ਵਿਚ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਲੋੜਵੰਦਾਂ ਦੀਆਂ ਬਾਕਾਇਦਾ ਲਿਸਟਾਂ ਤਿਆਰ ਕਰਕੇ ਪਸ਼ੂਆਂ ਲਈ ਦੋ ਸੌ ਕੁਇੰਟਲ ਤੋਂ ਵੱਧ ਅਚਾਰ ਪ੍ਰਭਾਵਿਤ ਪਰਿਵਾਰਾਂ ਨੂੰ ਵੰਡਿਆਂ ਜਾ ਚੁੱਕਿਆ ਹੈ | ਹੜ੍ਹ ਦੀ ਬੁਰੀ ਤਰ੍ਹਾਂ ਲਪੇਟ ਵਿਚ ਆਏ ਫ਼ਾਜ਼ਿਲਕਾ ਦੇ ਪਿੰਡ ਝੀਂਗੜਾ ਦੇ 120 ਪੀੜਤ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ | ਇਨ੍ਹਾਂ ਰਾਹਤ ਕਾਰਜਾਂ ਵਿਚ ਭਾਈ ਜਸਵਿੰਦਰ ਸਿੰਘ ਖ਼ਾਲਸਾ ਇੰਗਲੈਂਡ ਵਾਲਿਆਂ ਦਾ ਸਾਥ ਐਜੂਕੇਟ ਪ੍ਰੋਜੈਕਟ ਪੰਜਾਬ ਟੀਮ ਦੇ ਦਵਿੰਦਰ ਸਿੰਘ, ਤੇਜਿੰਦਰ ਸਿੰਘ, ਰਾਜਦੀਪ ਸਿੰਘ, ਸੋਹਣ ਸਿੰਘ ਰੌਂਤਾ, ਸੰਪੂਰਨ ਸਿੰਘ, ਅਮਰੀਕ ਸਿੰਘ, ਬੋਹੜ ਸਿੰਘ, ਪਿ੍ੰਸੀਪਲ ਮਹਿਲ ਸਿੰਘ, ਸੁਖਜਿੰਦਰ ਸਿੰਘ, ਕਰਨਵੀਰ ਸਿੰਘ ਧੀਰਾ ਘਾਰਾ ਆਦਿ ਵਲੋਂ ਪੂਰੀ ਸੁਹਿਰਦਤਾ ਨਾਲ ਨਿਭਾਇਆ ਜਾ ਰਿਹਾ ਹੈ | ਟੀਮ ਵਲੋਂ ਇਹ ਸੇਵਾ ਵਾਹਿਗੁਰੂ ਅੱਗੇ ਅਰਦਾਸ ਕਰਕੇ ਅਰੰਭੀ ਜਾਂਦੀ ਹੈ ਅਤੇ ਗੁਰੂ ਸਾਹਿਬਾਨ ਦਾ ਓਟ ਆਸਰਾ ਲੈ ਕੇ ਕਾਰਜ ਨੇਪਰੇ ਚਾੜ੍ਹੇ ਜਾ ਰਹੇ ਹਨ |