ਭਾਈ ਹਰਜੀਤ ਸਿੰਘ ਨਾਲ ਕੀਤੀ ਵਿਸ਼ੇਸ਼ ਮੁਲਾਕਾਤ
ਮੋਗਾ, 3 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਲਗ਼ੀਧਰ ਟਰੱਸਟ ਦੇ ਸੇਵਾਦਾਰ ਭਾਈ ਹਰਜੀਤ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਸਰਹੱਦੀ ਖੇਤਰ 'ਚ ਆਏ ਹੜ੍ਹਾਂ ਦੌਰਾਨ ਟਰੱਸਟ ਵਲੋਂ ਚਲਾਏ ਗਏ ਇਨਸਾਨੀ ਅਤੇ ਰਾਹਤ ਕੰਮਾਂ ਦੀ ਪ੍ਰਸੰਸਾ ਕੀਤੀ | ਇਸ ਦੌਰਾਨ ਰਾਜਪਾਲ ਨੇ ਦੀਨਾਨਗਰ ਵਿਖੇ ਬਣਾਏ ਗਏ ਰਾਹਤ ਕੈਂਪ ਦੀ ਖ਼ਾਸ ਤੌਰ 'ਤੇ ਸ਼ਲਾਘਾ ਕੀਤੀ ਅਤੇ ਕਲਗ਼ੀਧਰ ਟਰੱਸਟ ਵਲੋਂ ਮਨੁੱਖਤਾ ਦੀ ਭਲਾਈ ਲਈ ਨਿਰੰਤਰ ਚੱਲ ਰਹੇ ਸੇਵਾ ਕਾਰਜਾਂ ਦੀ ਵੀ ਖੁੱਲ੍ਹ ਕੇ ਪ੍ਰਸੰਸਾ ਕੀਤੀ | ਜ਼ਿਕਰਯੋਗ ਹੈ ਕਿ ਟਰੱਸਟ ਵਲੋਂ ਗੁਰਦਾਸਪੁਰ ਜ਼ਿਲ੍ਹੇ ਦੀ ਦੀਨਾਨਗਰ ਅਤੇ ਗੁਰਦਾਸਪੁਰ ਤਹਿਸੀਲ ਦੇ 35 ਪਿੰਡਾਂ 'ਚੋਂ 1100 ਵਿਅਕਤੀਆਂ ਨੂੰ , ਫ਼ਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ, ਜਲਾਲਾਬਾਦ ਅਤੇ ਫ਼ਾਜ਼ਿਲਕਾ ਤਹਿਸੀਲ ਦੇ 32 ਪਿੰਡਾਂ 'ਚੋਂ 800 ਦੇ ਲਗਪਗ ਵਿਅਕਤੀਆਂ ਨੂੰ , ਅੰਮਿ੍ਤਸਰ ਜ਼ਿਲ੍ਹੇ ਦੀ ਰਾਮਦਾਸ, ਲੋਪੋਕੇ ਅਤੇ ਅਜਨਾਲਾ ਤਹਿਸੀਲ ਦੇ 50 ਪਿੰਡਾਂ ਵਿਚੋਂ 2500 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਅਤੇ ਰਾਸ਼ਨ ਪਹੁੰਚਾਇਆ ਗਿਆ ਅਤੇ 1500 ਤੋਂ ਵੱਧ ਰਾਸ਼ਨ ਦੀਆਂ ਕਿੱਟਾਂ ਅਤੇ ਲੰਗਰ ਵੰਡਿਆ | ਫ਼ਿਰੋਜ਼ਪੁਰ ਅਤੇ ਤਰਨ ਤਾਰਨ ਜ਼ਿਲ੍ਹੇ ਵਿਚ ਰੈਸਕਿਊ ਆਪ੍ਰੇਸ਼ਨ ਚੱਲ ਰਿਹਾ ਹੈ | ਇਸ ਆਪ੍ਰੇਸ਼ਨ ਨਾਲ ਹੁਣ ਤੱਕ 500 ਵਿਅਕਤੀਆਂ ਨੂੰ ਰੈਸਕਿਊ ਕਰ ਕੇ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਇਆ ਗਿਆ | ਹੁਣ ਤੱਕ 5000 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਕਰ ਕੇ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਇਆ ਗਿਆ | ਇਹ ਪਲ ਹੋਰ ਵੀ ਯਾਦਗਾਰ ਬਣ ਗਿਆ ਜਦੋਂ ਗੁਲਾਬ ਚੰਦ ਕਟਾਰੀਆ ਨਾਲ ਆਈ.ਏ.ਐਸ. ਅਫ਼ਸਰ ਜਸਪਿੰਦਰ ਸਿੰਘ ਨਾਲ ਸਨ, ਜੋ ਕਿ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦੇ ਪੁਰਾਣੇ ਵਿਦਿਆਰਥੀ ਹਨ | ਕਲਗ਼ੀਧਰ ਟਰੱਸਟ ਲਈ ਇਹ ਮਾਣ ਦੀ ਗੱਲ ਹੈ ਕਿ ਇਸ ਦੀਆਂ ਸਿੱਖਿਆਤਮਿਕ ਸੰਸਥਾਵਾਂ ਤੋਂ ਪਾਸ ਹੋਏ ਵਿਦਿਆਰਥੀ ਅੱਜ ਪੰਜਾਬ ਦੇ ਇਨ੍ਹਾਂ ਨਾਜ਼ੁਕ ਹਾਲਾਤਾਂ 'ਚ ਲੋਕਾਂ ਦੀ ਸੇਵਾ ਕਰ ਰਹੇ ਹਨ |
ਰਾਜਪਾਲ ਕਟਾਰੀਆ ਵਲੋਂ ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਰਾਹਤ ਕਾਰਜਾਂ ਦੀ ਪ੍ਰਸੰਸਾ
ਅਜੀਤ ਡੈਸਕ
04-09-2025