ਮੋਗਾ, 3 ਸਤੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ ਜਿਸ 'ਚ ਆਗੂਆਂ ਨੇ ਦੱਸਿਆ ਕਿ ਪੰਜਾਬ 'ਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ | ਇਹ ਹੜ੍ਹ ਕੁਦਰਤ ਦੀ ਕਰੋਪੀ ਨਾਲੋਂ ਵੱਧ ਸਰਕਾਰਾਂ ਦੀ ਨਾਲਾਇਕੀ ਕਰ ਕੇ ਆਏ ਹਨ | ਬਰਸਾਤਾਂ ਆਉਣ ਤੋਂ ਪਹਿਲਾਂ ਖ਼ਾਸ ਕਰ ਕੇ ਭਾਰੀ ਬਾਰਿਸ਼ ਹੋਣ ਬਾਰੇ ਮੌਸਮ ਵਿਭਾਗ ਵਲੋਂ ਸਰਕਾਰ ਨੂੰ ਚੌਕਸ ਕਰਨ ਦੇ ਬਾਅਦ ਵੀ ਸਰਕਾਰਾਂ ਚੌਕਸ ਨਹੀਂ ਹੋਈਆਂ | ਦਰਿਆਵਾਂ, ਡਰੇਨਾਂ, ਧੁੱਸੀ ਬੰਨ੍ਹ ਤੇ ਫਲੱਡ ਗੇਟ ਵਗ਼ੈਰਾ ਦੀ ਕੀਤੀ ਜਾਣ ਵਾਲੀ ਪਰਖ ਪੜਤਾਲ, ਸਫ਼ਾਈ, ਮੁਰੰਮਤ ਵਗ਼ੈਰਾ ਕਰਨ ਵਿਚ ਭਾਰੀ ਅਣਗਹਿਲੀ ਹੋਈ ਹੈ | ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਇਸ ਨੂੰ ਕੌਮੀ ਆਫ਼ਤ ਐਲਾਨਿਆ ਜਾਵੇ | ਇਸ ਲਈ ਕੌਮੀ ਆਫ਼ਤ ਜਾਰੀ ਕਰ ਕੇ ਵੱਡੇ ਪੱਧਰ 'ਤੇ ਰਾਹਤ ਕਾਰਜਾਂ ਨੂੰ ਅੱਗੇ ਵਧਾਇਆ ਜਾਵੇ | ਇਸ ਸਬੰਧ ਵਿਚ 5 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਲਾ ਕੇ ਪੰਜਾਬ ਸਰਕਾਰ ਨੂੰ ਪੱਤਰ ਭੇਜਿਆ ਜਾਵੇਗਾ | ਮੀਟਿੰਗ ਵਿਚ ਬਲੌਰ ਸਿੰਘ ਘੱਲ ਕਲਾਂ, ਜੰਗੀਰ ਸਿੰਘ ਹਿੰਮਤਪੁਰਾ, ਕੁਲਦੀਪ ਕੌਰ ਕੁੱਸਾ, ਬਚਿੱਤਰ ਕੌਰ ਤਲਵੰਡੀ ਮੱਲੀਆਂ, ਗੁਰਚਰਨ ਸਿੰਘ ਰਾਮਾਂ, ਬੂਟਾ ਸਿੰਘ ਭਾਗੀਕੇ, ਇਕਬਾਲ ਸਿੰਘ ਸਿੰਘਾਂਵਾਲਾ, ਜਸਵਿੰਦਰ ਸਿੰਘ ਘੱਲ ਕਲਾਂ, ਗੁਰਮੀਤ ਸਿੰਘ ਕਿਸ਼ਨਪੁਰਾ, ਗੁਰਦੇਵ ਸਿੰਘ ਕਿਸ਼ਨਪੁਰਾ, ਗੁਰਦਾਸ ਸਿੰਘ ਸੇਖਾ, ਕਾਲਾ ਲੰਗੇਆਣਾ, ਅਮਰੀਕ ਸਿੰਘ ਘੋਲੀਆ, ਜਗਜੀਤ ਸਿੰਘ ਮੱਦੋਕੇ, ਗੁਰਦੇਵ ਸਿੰਘ ਵਰ੍ਹੇ ਆਦਿ ਹਾਜ਼ਰ ਸਨ |